Punjab

ਸੀਐਮ ਭਗਵੰਤ ਮਾਨ ਦੇ ਨਾਂ ’ਤੇ ਚੱਲ ਰਿਹਾ ‘ਸਰਵੇਖਣ’ ਵਿਵਾਦ ਵਿੱਚ, ਵਿਰੋਧੀਆਂ ਧਿਰਾਂ ਨੇ ਚੁੱਕੇ ਸਵਾਲ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਲਈ ਇੱਕ ਟੈਲੀਫ਼ੋਨਿਕ ਸਰਵੇਖਣ ਚਲਾਇਆ ਜਾ ਰਿਹਾ ਹੈ। ਲੋਕਾਂ ਨੂੰ ਆ ਰਹੀਆਂ ਕਾਲਾਂ ਵਿੱਚ ਕਾਲਰ ਦਾਅਵਾ ਕਰਦਾ ਹੈ ਕਿ ਉਹ “ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ” ਤੋਂ ਬੋਲ ਰਿਹਾ ਹੈ, ਫਿਰ ਸੀਐਮ ਦੇ ਕੰਮਕਾਜ ਬਾਰੇ ਸੰਤੁਸ਼ਟੀ ਰੇਟਿੰਗ ਪੁੱਛੀ ਜਾਂਦੀ ਹੈ।

ਇਸੇ ਸਰਵੇਖਣ ਨੂੰ ਪ੍ਰਮੋਟ ਕਰਨ ਲਈ ਸੀਐਮ ਭਗਵੰਤ ਮਾਨ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟਸ ’ਤੇ 1.41 ਮਿੰਟ ਦਾ ਇੱਕ ਵੀਡੀਓ ਵੀ ਪੋਸਟ ਕੀਤਾ ਗਿਆ ਹੈ। ਵੀਡੀਓ ਵਿੱਚ ਦੋ ਨੌਜਵਾਨ ਕਾਰ ਵਿੱਚ ਬੈਠੇ ਹਨ। ਇੱਕ ਪਹਿਲਾਂ ਕਹਿੰਦਾ ਹੈ “10 ਨੰਬਰ”, ਫਿਰ ਮਾਨ ਸਰਕਾਰ ਦੇ ਕੰਮਾਂ ਦੀ ਲੰਮੀ ਸੂਚੀ ਸੁਣਾ ਕੇ ਅੰਤ ਵਿੱਚ ਰੇਟਿੰਗ “100 ਵਿੱਚੋਂ 100” ਕਰ ਦਿੱਤੀ ਜਾਂਦੀ ਹੈ। ਵੀਡੀਓ ਦੇ ਨਾਲ ਕੈਪਸ਼ਨ ਹੈ – “ਇਸ ਭਰੋਸੇ ਨੂੰ ਜ਼ਿੰਦਾ ਰੱਖੋ।”ਜਿਵੇਂ ਹੀ ਇਹ ਸਰਵੇਖਣ ਤੇ ਵੀਡੀਓ ਸਾਹਮਣੇ ਆਏ, ਵਿਰੋਧੀ ਧਿਰ ਨੇ ਸਖ਼ਤ ਹਮਲਾ ਬੋਲ ਦਿੱਤਾ।

ਜਲੰਧਰ ਤੋਂ ਕਾਂਗਰਸ ਵਿਧਾਇਕ ਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਸਵਾਲ ਚੁੱਕੇ ਕਿ:

  • ਕੀ ਇਹ ਸਰਵੇਖਣ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਕਰਵਾ ਰਹੇ ਹਨ ਜਾਂ ਦਿੱਲੀ ਸਥਿਤ ‘ਆਪ’ ਟੀਮ ਕਰ ਰਹੀ ਹੈ?
  • ਮੁੱਖ ਮੰਤਰੀ ਦਫ਼ਤਰ ਦੇ ਨਾਂ ’ਤੇ ਆ ਰਹੀਆਂ ਕਾਲਾਂ ਕਿਹੜੇ ਸਰਕਾਰੀ ਹੁਕਮ ਅਧੀਨ ਕੀਤੀਆਂ ਜਾ ਰਹੀਆਂ ਹਨ?
  • ਕੀ ਦਿੱਲੀ ਦੀ ਟੀਮ ਕਿਸੇ ਪ੍ਰਾਈਵੇਟ ਕੰਪਨੀ ਰਾਹੀਂ ਮੁੱਖ ਮੰਤਰੀ ਦਫ਼ਤਰ ਦੇ ਨਾਂ ਦੀ ਗੈਰ-ਕਾਨੂੰਨੀ ਵਰਤੋਂ ਕਰਕੇ ਲੋਕਾਂ ਦਾ ਡਾਟਾ ਇਕੱਠਾ ਕਰ ਰਹੀ ਹੈ?

ਪਰਗਟ ਸਿੰਘ ਨੇ ਮੰਗ ਕੀਤੀ ਕਿ ਸੀਐਮ ਦਫ਼ਤਰ ਤੁਰੰਤ ਸਪੱਸ਼ਟ ਕਰੇ ਕਿ ਇਹ ਸਰਵੇਖਣ ਸਰਕਾਰੀ ਹੈ ਜਾਂ ਪਾਰਟੀ ਵੱਲੋਂ ਕੀਤਾ ਜਾ ਰਿਹਾ ਪ੍ਰਚਾਰ। ਕਾਂਗਰਸ ਨੇ ਇਸ ਨੂੰ “ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ” ਕਰਾਰ ਦਿੱਤਾ ਹੈ।ਹੁਣ ਤੱਕ ਸੀਐਮ ਦਫ਼ਤਰ ਜਾਂ ‘ਆਪ’ ਪੰਜਾਬ ਵੱਲੋਂ ਇਸ ਸਰਵੇਖਣ ਦੀ ਅਧਿਕਾਰਤ ਪੁਸ਼ਟੀ ਜਾਂ ਸਪੱਸ਼ਟੀਕਰਨ ਨਹੀਂ ਕੀਤਾ ਗਿਆ। ਨਤੀਜਤਨ, 2027 ਦੀਆਂ ਚੋਣਾਂ ਤੋਂ ਪਹਿਲਾਂ ਹੀ ਭਗਵੰਤ ਮਾਨ ਸਰਕਾਰ ਲਈ ਇਹ ਨਵਾਂ ਵਿਵਾਦ ਬਣ ਗਿਆ ਹੈ।