Punjab

ਅਕਾਲੀ-ਭਾਜਪਾ ਗਠਜੋੜ ’ਤੇ ਕੈਪਟਨ ਦੇ ਬਿਆਨ ਮਗਰੋਂ ‘ਆਪ’ ਦਾ ਤੰਜ: “ਇਹ ਹਨ ਅਸਲੀ ਮੌਕਾਪ੍ਰਸਤ!”

ਬਿਊਰੋ ਰਿਪੋਰਟ (ਚੰਡੀਗੜ੍ਹ, 6 ਦਸੰਬਰ 2025): ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸੰਭਾਵਿਤ ਗਠਜੋੜ ਬਾਰੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ’ਤੇ ਆਮ ਆਦਮੀ ਪਾਰਟੀ (AAP) ਨੇ ਸਖ਼ਤ ਤਨਜ਼ ਕੱਸਿਆ ਹੈ। ‘ਆਪ’ ਨੇ ਕੈਪਟਨ ਅਤੇ ਬਾਦਲ ਪਰਿਵਾਰ ਨੂੰ ‘ਮੌਕਾਪ੍ਰਸਤ ਅਤੇ ਸੱਤਾ ਦੇ ਲਾਲਚੀ’ ਕਰਾਰ ਦਿੱਤਾ ਹੈ।

ਆਮ ਆਦਮੀ ਪਾਰਟੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ: “ਇਹ ਹਨ ਅਸਲੀ ਮੌਕਾਪ੍ਰਸਤ!”

ਪਾਰਟੀ ਨੇ ਕਿਹਾ ਕਿ ਇਹ ਵੀਡੀਓ ਦੇਖ ਕੇ ਸਭ ਨੂੰ ਅਹਿਸਾਸ ਹੋਵੇਗਾ ਕਿ ਜਿਨ੍ਹਾਂ ’ਤੇ ਪੰਜਾਬ ਭਰੋਸਾ ਕਰਦਾ ਆਇਆ ਹੈ, ਉਹ ਲੋਕ ਕਿੰਨੇ ਮੌਕਾਪ੍ਰਸਤ, ਝੂਠੇ ਅਤੇ ਸੱਤਾ ਦੇ ਲਾਲਚੀ ਸਨ। ‘ਆਪ’ ਨੇ ਸਿੱਧੇ ਤੌਰ ’ਤੇ ਕੈਪਟਨ ਅਮਰਿੰਦਰ ਸਿੰਘ ’ਤੇ ਹਮਲਾ ਕਰਦੇ ਹੋਏ ਕਿਹਾ ਕਿ: “ਜਿਹੜੇ ਬਾਦਲਾਂ ਨੇ ਕਿਸੇ ਸਮੇਂ ਬੇਅਦਬੀਆਂ ਕਰਵਾਈਆਂ ਸਨ, ਅੱਜ ਕੁਰਸੀ ਦੇ ਲਾਲਚ ਵਿੱਚ ਕੈਪਟਨ ਉਨ੍ਹਾਂ ਦੀ ਗੋਦੀ ਬੈਠਣਾ ਚਾਹੁੰਦਾ ਹੈ।”

ਕੋਟਕਪੂਰਾ ਗੋਲ਼ੀ ਕਾਂਡ ਦਾ ਜ਼ਿਕਰ

‘ਆਪ’ ਨੇ ਕੈਪਟਨ ਦੇ ਪੁਰਾਣੇ ਵੀਡੀਓ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਕੋਟਕਪੂਰਾ ਗੋਲ਼ੀ ਕਾਂਡ ਦਾ ਜ਼ਿਕਰ ਵੀ ਕੀਤਾ ਜਿੱਥੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਦੱਸ ਰਹੇ ਹਨ ਕਿ ਕੋਟਕਪੂਰਾ ਦੇ ਵਿਧਾਇਕ ਮਨਤਾਰ ਬਰਾਰ ਨੇ ਮੁੱਖ ਮੰਤਰੀ ਅਤੇ ਥਾਣੇਦਾਰ ਨੂੰ 125 ਕਾਲਾਂ ਕੀਤੀਆਂ ਸਨ।

ਪਾਰਟੀ ਨੇ ਇਲਜ਼ਾਮ ਲਾਇਆ ਕਿ ਕੈਪਟਨ ਨੇ ਖੁਦ ਕੋਟਕਪੂਰਾ ਗੋਲ਼ੀ ਕਾਂਡ ਦੀ ਸਾਰੀ ਕਹਾਣੀ ਦੱਸੀ ਸੀ, ਜਿਸ ਤੋਂ ਸਪੱਸ਼ਟ ਹੈ ਕਿ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਭ ਕੁਝ ਪਤਾ ਸੀ। ‘ਆਪ’ ਨੇ ਕੈਪਟਨ ਦੇ ਮੌਜੂਦਾ ਬਿਆਨ ਨੂੰ ਸੱਤਾ ਲਈ ਪਿਛਲੀਆਂ ਗੱਲਾਂ ਨੂੰ ਭੁਲਾ ਦੇਣ ਵਾਲੀ ਮੌਕਾਪ੍ਰਸਤੀ ਕਰਾਰ ਦਿੱਤਾ।