Punjab

ਫ਼ਰੀਦਕੋਟ ਕਤਲ ਕੇਸ: ਮੁਲਜ਼ਮ ਪਤਨੀ ਦੇ ਮਾਪਿਆਂ ਦਾ ਧੀ ਨੂੰ ਬੇਦਾਵਾ, ਪੈਰਵੀ ਕਰਨ ਤੋਂ ਕੋਰੀ ਨਾਂਹ, ਸਖ਼ਤ ਸਜ਼ਾ ਦੀ ਮੰਗ

ਬਿਊਰੋ ਰਿਪੋਰਟ (ਫ਼ਰੀਦਕੋਟ, 6 ਦਸੰਬਰ 2025): ਪਤੀ ਗੁਰਵਿੰਦਰ ਸਿੰਘ ਦੇ ਕਤਲ ਦੀ ਮੁਲਜ਼ਮ ਪਤਨੀ ਰੁਪਿੰਦਰ ਕੌਰ ਨੂੰ ਉਸ ਦੇ ਆਪਣੇ ਹੀ ਮਾਪਿਆਂ ਨੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿੱਚ ਨਵਾਂ ਮੋੜ ਆਉਂਦਿਆਂ, ਰੁਪਿੰਦਰ ਕੌਰ ਦੇ ਮਾਪਿਆਂ ਨੇ ਕੇਸ ਦੀ ਪੈਰਵੀ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ। 

ਰਿਪੋਰਟਾਂ ਅਨੁਸਾਰ, ਰੁਪਿੰਦਰ ਦੇ ਪਿਤਾ ਨੇ ਵਕੀਲ ਨੂੰ ਕਿਹਾ ਹੈ ਕਿ: ਸਾਡਾ ਜਵਾਈ ਤਾਂ ਸਾਧ ਰੂਪੀ ਸ਼ਰੀਫ਼ ਬੰਦਾ ਸੀ ਅਤੇ ਸਾਡੀ ਧੀ ਨੇ ਸਾਨੂੰ ਕਿਤੇ ਮੂੰਹ ਦਿਖਾਉਣ ਜੋਗੇ ਨਹੀਂ ਛੱਡਿਆ। ਅਸੀਂ ਆਪਣੇ ਜਵਾਈ ਦੇ ਪਰਿਵਾਰ ਦੇ ਪੱਖ ਵਿੱਚ ਹਾਂ। ਸਾਡੀ ਕੁੜੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਓ, ਅਸੀਂ ਮਗਰ ਨਹੀਂ ਆਉਂਦੇ। 

ਪੂਰਾ ਮਾਮਲਾ: ਬੁਆਏਫ੍ਰੈਂਡ ਨਾਲ ਮਿਲ ਕੇ ਕੀਤਾ ਕਤਲ

ਫ਼ਰੀਦਕੋਟ ਵਿੱਚ ਮੁਲਜ਼ਮ ਪਤਨੀ ਰੁਪਿੰਦਰ ਕੌਰ ਨੇ ਬੁਆਏਫ੍ਰੈਂਡ ਨਾਲ ਮਿਲ ਕੇ ਤੀ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ। ਪਹਿਲਾਂ ਉਸ ਨੇ ਇਕੱਲਿਆਂ ਹੀ ਪਤੀ ਨੂੰ ਜ਼ਹਿਰ ਦੇ ਦਿੱਤਾ। ਪਰ, ਪਤੀ ਦੀ ਮੌਤ ਨਹੀਂ ਹੋਈ। ਫਿਰ ਉਸ ਨੇ ਪ੍ਰੇਮੀ ਨੂੰ ਬੁਲਾ ਲਿਆ। ਦੋਵੇਂ ਛੱਤ ‘ਤੇ ਜਾ ਕੇ ਗੱਲਾਂ ਕਰ ਰਹੇ ਸਨ ਕਿ ਪਤੀ ਉੱਥੇ ਪਹੁੰਚ ਗਿਆ।

ਦੋਵਾਂ ਨੇ ਫਿਰ ਪਤੀ ਦੀ ਕੁੱਟਮਾਰ ਕੀਤੀ। ਫਿਰ ਜ਼ਬਰਦਸਤੀ ਉਸ ਦੇ ਮੂੰਹ ਵਿੱਚ ਜ਼ਹਿਰ ਪਾ ਕੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਸ਼ੋਰ ਮਚਾ ਦਿੱਤਾ ਕਿ ਲੁਟੇਰਿਆਂ ਨੇ ਪਤੀ ਦਾ ਕਤਲ ਕਰ ਦਿੱਤਾ ਹੈ। ਇਸ ਨੂੰ ਸਹੀ ਸਾਬਤ ਕਰਨ ਲਈ ਘਰ ਦਾ ਸਾਰਾ ਸਾਮਾਨ ਵੀ ਖਿਲਾਰ ਦਿੱਤਾ ਗਿਆ।

ਪੁਲਿਸ ਜਾਂਚ ਵਿੱਚ ਸਾਹਣੇ ਆਇਆ ਹੈ ਕਿ ਮੁਲਜ਼ਮ ਪਤਨੀ ਰੁਪਿੰਦਰ ਕੌਰ ਇੰਸਟਾਗ੍ਰਾਮ ਦੀ ਵੀ ਸ਼ੌਕੀਨ ਸੀ। ਉਹ ਬੁਟੀਕ ਦੇ ਸੂਟਾਂ ਦੀ ਬ੍ਰਾਂਡਿੰਗ ਦੇ ਬਹਾਨੇ ਇੰਸਟਾਗ੍ਰਾਮ ’ਤੇ ਪੰਜਾਬੀ ਗੀਤਾਂ ’ਤੇ ਰੀਲਾਂ ਬਣਾ ਕੇ ਸਾਂਝੀਆਂ ਕਰਦੀ ਸੀ। ਰੁਪਿੰਦਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕਿਤੇ ਵੀ ਆਪਣੇ ਵਿਆਹੇ ਹੋਣ ਜਾਂ ਪਤੀ ਦਾ ਜ਼ਿਕਰ ਨਹੀਂ ਕੀਤਾ।

ਕਤਲ ਦੀ ਯੋਜਨਾ:

  • ਕੈਨੇਡਾ ਵਿੱਚ ਵਰਕ ਪਰਮਿਟ ਖ਼ਤਮ ਹੋਣ ਤੋਂ ਬਾਅਦ ਪਤੀ ਗੁਰਵਿੰਦਰ ਉਸ ਦਾ ਪਰਮਿਟ ਰੀਨਿਊ ਕਰਵਾਉਣਾ ਚਾਹੁੰਦਾ ਸੀ, ਪਰ ਰੁਪਿੰਦਰ ਪੰਜਾਬ ਜਾ ਕੇ ਬੁਟੀਕ ਖੋਲ੍ਹਣ ਦੀ ਜ਼ਿੱਦ ’ਤੇ ਅੜ ਗਈ।
  • ਪੁਲਿਸ ਨੂੰ ਸ਼ੱਕ ਹੈ ਕਿ ਉਸ ਨੇ ਬੁਆਏਫ੍ਰੈਂਡ ਹਰਕੰਵਲ ਨਾਲ ਮਿਲ ਕੇ ਕੈਨੇਡਾ ਤੋਂ ਪੰਜਾਬ ਵਾਪਸ ਆਉਣ ਦੀ ਪੂਰੀ ਯੋਜਨਾ ਬਣਾਈ ਸੀ।
  • ਉਸਨੇ ਪਤੀ ਨੂੰ ਦੋ ਵਾਰ ਜ਼ਹਿਰ ਦਿੱਤਾ, ਘਰ ਦੇ ਕੁੱਤੇ ਨੂੰ ਬੇਹੋਸ਼ ਕੀਤਾ ਅਤੇ ਕਤਲ ਨੂੰ ਲੁੱਟ ਦੀ ਵਾਰਦਾਤ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ।

ਪੁਲਿਸ ਨੇ ਮੁਲਜ਼ਮ ਪਤਨੀ ਰੁਪਿੰਦਰ ਕੌਰ, ਬੁਆਏਫ੍ਰੈਂਡ ਹਰਕੰਵਲ ਅਤੇ ਉਸਦੇ ਸਾਥੀ ਵਿਸ਼ਵਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਰੁਪਿੰਦਰ ਲਗਾਤਾਰ ਆਪਣੇ ਬਿਆਨ ਬਦਲ ਰਹੀ ਹੈ।

ਸਹੁਰੇ ਨੇ ਕੀਤਾ ਸੀ ਵੱਡਾ ਖ਼ੁਲਾਸਾ

ਰੁਪਿੰਦਰ ਕੌਰ ਦੇ ਸਹੁਰੇ ਜਸਵਿੰਦਰ ਸਿੰਘ ਨੇ ਪਹਿਲਾਂ ਹੀ ਦੱਸਿਆ ਸੀ ਕਿ ਰੁਪਿੰਦਰ ਨੇ ਜ਼ਿੱਦ ਕਰਕੇ ਉਨ੍ਹਾਂ ਨੂੰ ਪੋਤੇ ਨੂੰ ਦੇਖਣ ਲਈ ਕੈਨੇਡਾ ਭੇਜਿਆ ਸੀ। ਉਨ੍ਹਾਂ ਕਿਹਾ ਸੀ ਕਿ ਇਹ ਉਸਦੀ ਯੋਜਨਾ ਸੀ, ਕਿਉਂਕਿ ਉਨ੍ਹਾਂ ਦੇ 8 ਦਸੰਬਰ ਨੂੰ ਵਾਪਸ ਪਰਤਣ ਤੋਂ ਪਹਿਲਾਂ ਹੀ ਉਸਨੇ ਇਕਲੌਤੇ ਪੁੱਤਰ ਦਾ ਕਤਲ ਕਰ ਦਿੱਤਾ।