Punjab

ਜਲੰਧਰ ਕੁੜੀ ਕਤਲ ਕੇਸ ਵਿੱਚ ਨਵਾਂ ਮੋੜ, ਕਤਲ ਸਮੇਂ ਇੱਕ ਨਹੀਂ ਸਗੋਂ ਦੋ ਲੋਕ ਘਰ ਦੇ ਅੰਦਰ ਸਨ

ਜਲੰਧਰ ਦੀ ਬਸਤੀ ਬਾਵਾ ਖੇਲਾ ਵਿੱਚ 22 ਨਵੰਬਰ 2025 ਨੂੰ 13 ਸਾਲ ਦੀ ਮਾਸੂਮ ਲੜਕੀ ਨਾਲ ਬਲਾਤਕਾਰ ਅਤੇ ਕਤਲ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਮੁਲਜ਼ਮ ਰਿੰਪੀ ਉਰਫ਼ ਹੈੱਪੀ (48) ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਪਰ ਮਨੁੱਖੀ ਅਧਿਕਾਰ ਸੰਗਠਨ ਪੰਜਾਬ ਨੇ ਪੁਲਿਸ ਦੀ ਕਾਰਵਾਈ ‘ਤੇ ਗੰਭੀਰ ਸਵਾਲ ਉਠਾਏ ਹਨ ਅਤੇ ਕਈ ਵੱਡੇ ਖੁਲਾਸੇ ਕੀਤੇ ਹਨ।

ਲੜਕੀ ਐਤਵਾਰ ਸ਼ਾਮ 4 ਵਜੇ ਦੇ ਕਰੀਬ ਘਰੋਂ ਸਹੇਲੀ ਨੂੰ ਮਿਲਣ ਨਿਕਲੀ। ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਸ਼ਾਮ 4:05 ਵਜੇ ਉਹ ਗੁਆਂਢੀ ਰਿੰਪੀ ਦੇ ਘਰ ਵਿੱਚ ਦਾਖਲ ਹੋਈ ਅਤੇ ਫਿਰ ਬਾਹਰ ਨਹੀਂ ਆਈ। ਜਦੋਂ ਤੱਕ ਪਰਿਵਾਰ ਨੂੰ ਪਤਾ ਲੱਗਾ ਤੇ ਲੋਕਾਂ ਨੇ ਘਰ ਦੀ ਤਲਾਸ਼ੀ ਲਈ, ਰਾਤ 8 ਵਜੇ ਬਾਥਰੂਮ ਵਿੱਚ ਉਸਦੀ ਲਾਸ਼ ਮਿਲੀ। ਲਾਸ਼ ਦੇਖ ਕੇ ਗੁੱਸੇ ਵਿੱਚ ਆਈ ਭੀੜ ਨੇ ਰਿੰਪੀ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਘਰ ‘ਤੇ ਪੱਥਰਬਾਜ਼ੀ ਕੀਤੀ।

ਮਨੁੱਖੀ ਅਧਿਕਾਰ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਸ਼ਸ਼ੀ ਸ਼ਰਮਾ ਨੇ ਵੀਡੀਓ ਜਾਰੀ ਕਰਕੇ ਦੋਸ਼ ਲਗਾਇਆ ਕਿ ਕਤਲ ਸਮੇਂ ਰਿੰਪੀ ਦੇ ਘਰ ਵਿੱਚ ਦੋ ਹੋਰ ਵਿਅਕਤੀ ਵੀ ਮੌਜੂਦ ਸਨ। ਏਐਸਆਈ ਮੰਗਤ ਰਾਮ ਨੇ ਵੀ ਇਹ ਗੱਲ ਕਹੀ ਸੀ, ਪਰ ਪੁਲਿਸ ਨੇ ਉਨ੍ਹਾਂ ਨੂੰ ਘਰ ਵਿੱਚ ਜਾਣ ਤੋਂ ਰੋਕ ਦਿੱਤਾ। ਸੰਗਠਨ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਜਲੰਧਰ ਪੁਲਿਸ ਤੋਂ ਬਾਹਰਲੇ ਆਈਪੀਐਸ ਅਧਿਕਾਰੀ ਤੋਂ ਕਰਵਾਈ ਜਾਵੇ ਤਾਂ ਜੋ ਸਾਰੇ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ।

ਸੰਗਠਨ ਨੇ ਪੁਲਿਸ ਦੀਆਂ 12 ਤੋਂ ਵੱਧ ਗੰਭੀਰ ਗਲਤੀਆਂ ਗਿਣਾਈਆਂ ਹਨ:

  • 22 ਨਵੰਬਰ ਸਵੇਰੇ 7 ਵਜੇ ਗੁੰਮਸ਼ੁਦਗੀ ਦੀ ਸੂਚਨਾ ਮਿਲਣ ਦੇ ਬਾਵਜੂਦ ਤੁਰੰਤ FIR ਦਰਜ ਨਹੀਂ ਕੀਤੀ ਗਈ।
  • ਲੜਕੀ ਦੀ ਮਾਂ ਦਾ ਬਿਆਨ ਲੈਣ ਤੋਂ ਬਾਅਦ ਵੀ ਕੋਈ ਡੀਡੀਆਰ/ਜੀਡੀਆਰ ਨਹੀਂ ਲਿਖੀ ਗਈ।
  • ਐਸਐਚਓ ਖੁਦ ਮੌਕੇ ‘ਤੇ ਨਹੀਂ ਪਹੁੰਚੇ, ਸਫਾਈ ਕਰਮਚਾਰੀ ਤੱਕ ਨੂੰ ਜਾਂਚ ‘ਤੇ ਭੇਜ ਦਿੱਤਾ।
  • ਸੀਨੀਅਰ ਅਧਿਕਾਰੀ ਅਜਮੇਰ ਸਿੰਘ ਜਾਂਚ ਵਿਚਕਾਰ ਘਰੇਲੂ ਕੰਮ ਕਰਨ ਚਲੇ ਗਏ।
  • ਗੁੰਮਸ਼ੁਦਗੀ ਦੀ ਰਿਪੋਰਟ ਸਾਰੇ ਥਾਣਿਆਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਨੂੰ ਨਹੀਂ ਭੇਜੀ ਗਈ।
  • ਲਾਸ਼ ਮਿਲਣ ਤੋਂ ਬਾਅਦ ਵੀ ਪਹਿਲਾਂ ਪੋਸਟਮਾਰਟਮ ਲਈ ਭੇਜੀ ਗਈ, ਐਫਆਈਆਰ 18 ਘੰਟੇ ਦੇਰੀ ਨਾਲ (23 ਨਵੰਬਰ ਦੁਪਹਿਰ 1 ਵਜੇ) ਦਰਜ ਕੀਤੀ ਗਈ।
  • ਲਾਸ਼ ਮਿਲਣ ਦੀ ਸੂਚਨਾ ਸੀਨੀਅਰ ਅਧਿਕਾਰੀਆਂ ਨੂੰ ਨਹੀਂ ਦਿੱਤੀ ਗਈ।

ਸ਼ਸ਼ੀ ਸ਼ਰਮਾ ਇਹ ਵੀ ਦੋਸ਼ ਲਗਾਇਆ ਕਿ ਏਐਸਆਈ ਮੰਗਤ ਰਾਮ ਨੂੰ ਬਿਨਾਂ ਕਾਨੂੰਨੀ ਪ੍ਰਕਿਰਿਆ (ਪੁਲਿਸ ਐਕਟ 311) ਤੋਂ ਬਰਖਾਸਤ ਕਰ ਦਿੱਤਾ ਗਿਆ, ਜੋ ਬਾਅਦ ਵਿੱਚ ਅਦਾਲਤ ਵਿੱਚ ਬਹਾਲ ਹੋ ਸਕਦਾ ਹੈ।ਦੂਜੇ ਪਾਸੇ ਪੁਲਿਸ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਜਾ ਰਿਹਾ ਹੈ।

ਇੱਕ ਅਧਿਕਾਰੀ ਅਜਮੇਰ ਸਿੰਘ ਨੇ ਕਿਹਾ ਕਿ ਜਾਂਚ ਵਿੱਚ ਕੋਈ ਲਾਪਰਵਾਹੀ ਨਹੀਂ ਹੋਈ, ਮਾਂ ਦਾ ਬਿਆਨ ਅਗਲੇ ਦਿਨ ਲਿਆ ਗਿਆ ਸੀ ਇਸ ਲਈ ਉਸੇ ਦਿਨ ਐਫਆਈਆਰ ਦਰਜ ਕੀਤੀ ਗਈ। ਲੁਕਾਉਣ ਵਾਲੀ ਕੋਈ ਗੱਲ ਨਹੀਂ।ਹਾਲਾਂਕਿ ਮੁਲਜ਼ਮ ਰਿੰਪੀ ਨੂੰ ਦੋ ਦਿਨਾਂ ਦਾ ਰਿਮਾਂਡ ਮਿਲ ਗਿਆ ਹੈ ਤੇ ਪੁੱਛਗਿੱਛ ਜਾਰੀ ਹੈ, ਪਰ ਮਨੁੱਖੀ ਅਧਿਕਾਰ ਸੰਗਠਨ ਦੇ ਖੁਲਾਸਿਆਂ ਨੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਸੰਗਠਨ ਦੀ ਮੰਗ ਹੈ ਕਿ ਸਾਰੇ ਲਾਪਰਵਾਹ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਹੋਵੇ ਅਤੇ ਮਾਮਲੇ ਦੀ ਨਿਰਪੱਖ ਜਾਂਚ ਬਾਹਰਲੇ ਅਧਿਕਾਰੀ ਤੋਂ ਕਰਵਾਈ ਜਾਵੇ ਤਾਂ ਜੋ ਮਾਸੂਮ ਲੜਕੀ ਨੂੰ ਪੂਰਾ ਇਨਸਾਫ਼ ਮਿਲ ਸਕੇ।