India Punjab

ਨਸ਼ੇ ’ਚ ਟੱਲੀ ਚੰਡੀਗੜ੍ਹ ਪੁਲਿਸ ਦੇ ASI ਨੇ 10 ਗੱਡੀਆਂ ਨੂੰ ਮਾਰੀ ਟੱਕਰ, ਕਈ ਲੋਕ ਗੰਭੀਰ ਜ਼ਖ਼ਮੀ

ਬਿਊਰੋ ਰਿਪੋਰਟ (ਚੰਡੀਗੜ੍ਹ, 4 ਦਸੰਬਰ 2025): ਚੰਡੀਗੜ੍ਹ ਪੁਲਿਸ ਦੇ ਇੱਕ ਸਹਾਇਕ ਸਬ ਇੰਸਪੈਕਟਰ (ASI) ਨੇ ਨਸ਼ੇ ਦੀ ਹਾਲਤ ਵਿੱਚ ਸ਼ਹਿਰ ਵਿੱਚ ਜ਼ਬਰਦਸਤ ਹੰਗਾਮਾ ਕੀਤਾ। ASI ਨੇ ਪਹਿਲਾਂ ਵਨ ਵੇਅ (One-way) ਸੜਕ ’ਤੇ ਗ਼ਲਤ ਸਾਈਡ ਤੋਂ ਆਪਣੀ ਕਾਰ ਭਜਾਈ ਅਤੇ ਫਿਰ ਤੇਜ਼ ਰਫ਼ਤਾਰ ਕਾਰਨ ਕਰੀਬ 10 ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਕਾਰਨ ਕਈ ਲੋਕਾਂ ਨੂੰ ਸੱਟਾਂ ਲੱਗੀਆਂ ਹਨ।

500 ਮੀਟਰ ਤੱਕ ਬੇਕਾਬੂ ਦੌੜੀ ਕਾਰ

ਚਸ਼ਮਦੀਦਾਂ ਅਨੁਸਾਰ, ਨਸ਼ੇ ਵਿੱਚ ਧੁੱਤ ASI ਦਲਜੀਤ ਸਿੰਘ ਨੇ ਬਰਡ ਵਾਲਾ ਤੋਂ ਕੈਂਬਵਾਲਾ ਦੀ ਸਿੰਗਲ ਰੋਡ ’ਤੇ ਆਪਣੀ ਬੇਕਾਬੂ ਕਾਰ ਨੂੰ ਭਜਾਇਆ। ਕਾਰ ਨੇ ਲਗਭਗ 500 ਮੀਟਰ ਦੇ ਘੇਰੇ ਵਿੱਚ ਆਉਣ ਵਾਲੀਆਂ ਕਾਰਾਂ, ਮੋਟਰਸਾਈਕਲਾਂ ਅਤੇ ਹੋਰ ਵਾਹਨਾਂ ਨੂੰ ਟੱਕਰਾਂ ਮਾਰੀਆਂ। ਕਈ ਵਾਹਨਾਂ ਨੂੰ ਟੱਕਰ ਮਾਰਨ ਤੋਂ ਬਾਅਦ, ASI ਦੀ ਕਾਰ ਆਖ਼ਰਕਾਰ ਇੱਕ ਸਕੂਲ ਬੱਸ ਨਾਲ ਸਾਹਮਣੇ ਤੋਂ ਟਕਰਾ ਕੇ ਰੁਕ ਗਈ। ਹਾਦਸੇ ਵਿੱਚ ਕਈ ਲੋਕ ਗੰਭੀਰ ਜ਼ਖਮੀ ਹੋ ਗਏ ਹਨ, ਜਦੋਂ ਕਿ ਕੁਝ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਖ਼ੁਸ਼ਕਿਸਮਤੀ ਇਹ ਰਹੀ ਕਿ ਹਾਦਸੇ ਸਮੇਂ ਸੜਕ ’ਤੇ ਕੋਈ ਪੈਦਲ ਜਾਂ ਸਾਈਕਲ ਸਵਾਰ ਨਹੀਂ ਸੀ।

ਲੋਕਾਂ ਨੇ ਫੜਿਆ ਤਾਂ ਕੀਤੀ ਬਦਤਮੀਜ਼ੀ

ਸਕੂਲ ਬੱਸ ਨਾਲ ਟੱਕਰ ਹੋਣ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ASI ਨੂੰ ਘੇਰ ਲਿਆ। ਲੋਕਾਂ ਨੇ ਜਦੋਂ ਉਸਨੂੰ ਫੜਿਆ ਤਾਂ ਗ]ਲਤੀ ਮੰਨਣ ਦੀ ਬਜਾਏ, ASI ਦਲਜੀਤ ਸਿੰਘ ਨੇ ਬਦਤਮੀਜ਼ੀ ਕਰਦੇ ਹੋਏ ਹੰਗਾਮਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਇਸ ਸਾਰੇ ਘਟਨਾਕ੍ਰਮ ਦੀ ਵੀਡੀਓ ਬਣਾ ਲਈ ਅਤੇ ਇਸ ਨੂੰ ਵਾਇਰਲ ਕਰਨ ਦੇ ਨਾਲ-ਨਾਲ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ।

ਹਾਦਸੇ ਕਾਰਨ ASI ਦੀ ਕਾਰ ਦਾ ਸ਼ੀਸ਼ਾ ਵੀ ਟੁੱਟ ਗਿਆ ਅਤੇ ਉਸ ਦੇ ਚਿਹਰੇ ’ਤੇ ਵੀ ਸੱਟ ਲੱਗੀ।