ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਉਮਰਵਾਲਾ ਦੇ ਰਹਿਣ ਵਾਲੇ 24 ਸਾਲਾ ਨੌਜਵਾਨ ਕੁੰਵਰ ਅੰਮ੍ਰਿਤਬੀਰ ਸਿੰਘ ਨੇ ਮਹਿਜ਼ ਛੋਟੀ ਉਮਰ ਵਿੱਚ 52 ਵਿਸ਼ਵ ਰਿਕਾਰਡ ਆਪਣੇ ਨਾਂ ਕੀਤੇ ਹਨ ਅਤੇ ਹੁਣ ਉਨ੍ਹਾਂ ਨੂੰ ਅਮਰੀਕਾ ਸਥਿਤ ਇੰਟਰਨੈਸ਼ਨਲ ਪੁਲਿਸ ਫੋਰਸ (ਯੂਐਸਏ) ਵੱਲੋਂ ਕੈਂਟਕੀ ਸਟੇਟ ਦਾ ਆਨਰੇਰੀ ਕਰਨਲ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ 4 ਨਵੰਬਰ 2025 ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ। ਕੁੰਵਰ ਅੰਮ੍ਰਿਤਬੀਰ ਸਿੰਘ ਭਾਰਤ ਦੇ ਸਭ ਤੋਂ ਘੱਟ ਉਮਰ ਦੇ ਅਤੇ ਪੰਜਾਬ ਦੇ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੂੰ ਇਹ ਵੱਡਾ ਸਨਮਾਨ ਮਿਲਿਆ ਹੈ।
ਇਸ ਖੁਸ਼ੀ ਵਿੱਚ ਉਨ੍ਹਾਂ ਦਾ ਪੂਰਾ ਪਰਿਵਾਰ ਖੁਸ਼ ਹੈ। ਦਾਦੀ ਸਵਿੰਦਰ ਕੌਰ, ਪਿਤਾ ਨਿਸ਼ਾਨ ਸਿੰਘ, ਮਾਂ ਸਿਮਰਨਜੀਤ ਕੌਰ, ਚਾਚਾ ਸਿਮਰਨਜੀਤ ਸਿੰਘ, ਮਾਸੀ ਗੁਰਕਿਰਨਜੋਤ ਕੌਰ ਤੇ ਹੋਰ ਰਿਸ਼ਤੇਦਾਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਪਿੰਡ ਵਿੱਚ ਲੋਕ ਵਧਾਈਆਂ ਦੇਣ ਲਈ ਪਹੁੰਚ ਰਹੇ ਹਨ।
ਕੁੰਵਰ ਅੰਮ੍ਰਿਤਬੀਰ ਸਿੰਘ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਸੰਯੁਕਤ ਰਾਸ਼ਟਰ ਦੇ ਡੈਲੀਗੇਟ ਜਸਬੀਰ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਜਸਬੀਰ ਸਿੰਘ ਨੇ ਉਨ੍ਹਾਂ ਦੇ ਸਾਰੇ ਵਿਸ਼ਵ ਰਿਕਾਰਡਾਂ ਤੇ ਸਮਾਜ ਸੇਵਾ ਕਾਰਜਾਂ ਦੀ ਜਾਣਕਾਰੀ ਲਈ ਤੇ ਫਿਰ ਇੰਟਰਨੈਸ਼ਨਲ ਪੁਲਿਸ ਫੋਰਸ ਅੱਗੇ ਉਨ੍ਹਾਂ ਦਾ ਨਾਂ ਪੇਸ਼ ਕੀਤਾ। ਟੀਮ ਨੇ ਵੀਡੀਓ ਕਾਲ ’ਤੇ ਉਨ੍ਹਾਂ ਨਾਲ ਭਾਰਤ-ਅਮਰੀਕਾ ਸਬੰਧਾਂ, ਸ਼ਾਂਤੀ, ਨੌਜਵਾਨਾਂ ਦੀ ਸਿਹਤ ਤੇ ਸਮਾਜਿਕ ਕਾਰਜਾਂ ਬਾਰੇ ਚਰਚਾ ਕੀਤੀ। ਸੰਤੁਸ਼ਟ ਹੋਣ ’ਤੇ ਉਨ੍ਹਾਂ ਨੂੰ ਆਨਰੇਰੀ ਕਰਨਲ ਦਾ ਦਰਜਾ ਦਿੱਤਾ ਗਿਆ।
ਉਨ੍ਹਾਂ ਨੂੰ ਪਹਿਲਾਂ ਵੀ ਬਰਲੈਂਡ ਸਟੇਟ (ਅਮਰੀਕਾ) ਦਾ ਸਦਭਾਵਨਾ ਰਾਜਦੂਤ ਨਿਯੁਕਤ ਕੀਤਾ ਜਾ ਚੁੱਕਿਆ ਹੈ। 12 ਦਸੰਬਰ 2025 ਨੂੰ ਕੋਲਕਾਤਾ ਵਿੱਚ ਪੱਛਮੀ ਬੰਗਾਲ ਦੇ ਰਾਜਪਾਲ ਵੱਲੋਂ ਉਨ੍ਹਾਂ ਨੂੰ ਆਨਰੇਰੀ ਕਰਨਲ ਦੀ ਵਰਦੀ ਭੇਂਟ ਕੀਤੀ ਜਾਵੇਗੀ।
52 ਵਿਸ਼ਵ ਰਿਕਾਰਡਾਂ ਦੀ ਚੋਣ
ਕੁੰਵਰ ਅੰਮ੍ਰਿਤਬੀਰ ਸਿੰਘ ਨੇ ਗਿੰਨੀਜ਼ ਵਰਲਡ ਰਿਕਾਰਡਜ਼ ਵਿੱਚ 4, ਲਿਮਕਾ ਬੁੱਕ, ਫੋਰਬਸ ਵਰਲਡ ਰਿਕਾਰਡ, ਏਲੀਟ ਵਰਲਡ ਰਿਕਾਰਡ (17), ਕਲਾਸ ਵਰਲਡ ਰਿਕਾਰਡ, ਵਰਲਡ ਰਿਕਾਰਡ ਸਰਟੀਫਿਕੇਸ਼ਨ ਏਜੰਸੀ ਤੇ ਬੁੱਕ ਆਫ਼ ਵਰਲਡ ਰਿਕਾਰਡਜ਼ ਯੂਕਰੇਨ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ।
ਕੁਝ ਮੁੱਖ ਰਿਕਾਰਡ:ਗਿੰਨੀਜ਼:
- 1 ਮਿੰਟ ਵਿੱਚ 45 ਕਲੈਪ ਫਿੰਗਰਟਿਪ ਪੁਸ਼ਅੱਪ, 86 ਫਿੰਗਰਟਿਪ ਪੁਸ਼ਅੱਪ (10 ਕਿਲੋ ਭਾਰ ਪਿੱਠ ’ਤੇ), 87 ਫਿੰਗਰਟਿਪ ਪੁਸ਼ਅੱਪ (20 ਪੌਂਡ ਨਾਲ), 80 ਡਿਕਲਾਈਨ ਨਕਲ ਪੁਸ਼ਅੱਪ।
- ਲਿਮਕਾ ਬੁੱਕ: 1 ਮਿੰਟ ਵਿੱਚ 53 ਸੁਪਰਮੈਨ ਪੁਸ਼ਅੱਪ।
- ਫੋਰਬਸ: 1 ਮਿੰਟ ਵਿੱਚ 79 ਇੱਕ ਲੱਤ ਫਿੰਗਰਟਿਪ ਪੁਸ਼ਅੱਪ।
- ਏਲੀਟ: 17 ਵੱਖ-ਵੱਖ ਰਿਕਾਰਡ।
- ਕਲਾਸ ਵਰਲਡ: 1 ਮਿੰਟ ਵਿੱਚ 55 ਪੰਜ ਪਲੈਂਕ ਜੈਕ।
- ਬੁੱਕ ਆਫ਼ ਵਰਲਡ: 1 ਮਿੰਟ ਵਿੱਚ 90 ਡਿਕਲਾਈਨ ਨਕਲ ਪੁਸ਼ਅੱਪ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਛਾਣ ਭਾਰਤ ਵਿੱਚ ਅਜੇ ਪੂਰੀ ਤਰ੍ਹਾਂ ਨਹੀਂ ਉਜਾਗਰ ਹੋਈ ਪਰ ਵਿਦੇਸ਼ਾਂ ਨੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇ ਕੇ ਵੱਡਾ ਸਨਮਾਨ ਦਿੱਤਾ ਹੈ। ਉਹ ਆਉਣ ਵਾਲੇ ਸਮੇਂ ਵਿੱਚ ਭਾਰਤ-ਅਮਰੀਕਾ ਮੈਤਰੀ, ਸ਼ਾਂਤੀ ਤੇ ਨੌਜਵਾਨਾਂ ਦੀ ਸਿਹਤ ਲਈ ਕੰਮ ਕਰਨਗੇ।

