Punjab

ਪਹਿਲੀ ਵਾਰ ਹੋਵੇਗੀ ਗੋਬਿੰਦ ਸਾਗਰ ਝੀਲ ਦੀ ਸਫ਼ਾਈ, ਕੇਂਦਰ ਨੇ 10 ਮੈਂਬਰੀ ਕਮੇਟੀ ਦਾ ਕੀਤਾ ਗਠਨ

ਭਾਖੜਾ ਡੈਮ ਦੇ ਇਤਿਹਾਸ ਵਿੱਚ ਪਹਿਲੀ ਵਾਰ 71 ਸਾਲਾਂ ਬਾਅਦ ਗੋਬਿੰਦ ਸਾਗਰ ਝੀਲ ਵਿੱਚੋਂ ਗਾਦ ਕੱਢਣ ਦਾ ਵਿਸ਼ਾਲ ਪ੍ਰੋਜੈਕਟ ਸ਼ੁਰੂ ਹੋਣ ਜਾ ਰਿਹਾ ਹੈ। ਕੇਂਦਰੀ ਜਲ ਸ਼ਕਤੀ ਮੰਤਰਾਲੇ ਨੇ ਇਸ ਅਭਿਲਾਸ਼ੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇੱਕ 10 ਮੈਂਬਰੀ ਉੱਚ ਪੱਧਰੀ ਮਾਹਿਰ ਕਮੇਟੀ ਦਾ ਗਠਨ ਕੀਤਾ ਹੈ।

ਇਸ ਕਮੇਟੀ ਵਿੱਚ ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਦੇ ਮੁੱਖ ਇੰਜੀਨੀਅਰ ਸੀ.ਪੀ. ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਟੀਮ ਡੈਮ ਤੇ ਝੀਲ ਦੀ ਮੌਜੂਦਾ ਸਥਿਤੀ ਦਾ ਮੁਲਾਂਕਣ ਕਰੇਗੀ ਅਤੇ ਗਾਦ ਹਟਾਉਣ ਦੀ ਪੂਰੀ ਪ੍ਰਕਿਰਿਆ ਦੀ ਨਿਗਰਾਨੀ ਕਰੇਗੀ।

ਪਿਛਲੇ ਦੋ ਸਾਲਾਂ ਤੋਂ ਚੱਲ ਰਹੀ ਨਿਯਮਤ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਗੋਬਿੰਦ ਸਾਗਰ ਝੀਲ ਦਾ ਲਗਭਗ 25 ਪ੍ਰਤੀਸ਼ਤ ਹਿੱਸਾ ਪਾਣੀ ਦੀ ਬਜਾਏ ਗਾਦ ਨਾਲ ਭਰ ਚੁੱਕਿਆ ਹੈ। ਇਸ ਕਾਰਨ ਡੈਮ ਦੀ ਕੁੱਲ ਜਲ ਭੰਡਾਰਨ ਸਮਰੱਥਾ ਘਟ ਰਹੀ ਹੈ, ਜਿਸ ਦਾ ਸਿੱਧਾ ਅਸਰ ਬਿਜਲੀ ਉਤਪਾਦਨ ਅਤੇ ਸਿੰਚਾਈ ਲਈ ਪਾਣੀ ਦੀ ਸਪਲਾਈ ‘ਤੇ ਪੈ ਰਿਹਾ ਹੈ। ਜੇਕਰ ਸਮੇਂ ਸਿਰ ਡੀ-ਸਿਲਟਿੰਗ ਨਾ ਕੀਤੀ ਗਈ ਤਾਂ ਭਵਿੱਖ ਵਿੱਚ ਸਟੋਰੇਜ ਸਮਰੱਥਾ ਵਿੱਚ ਹੋਰ ਵੱਡੀ ਕਮੀ ਆ ਸਕਦੀ ਹੈ।

ਮੁੱਖ ਇੰਜੀਨੀਅਰ ਸੀ.ਪੀ. ਸਿੰਘ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਜਦੋਂ ਡੈਮ ਬਣਨ ਤੋਂ ਬਾਅਦ ਇੰਨੇ ਵੱਡੇ ਪੱਧਰ ‘ਤੇ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ। ਇਸ ਪ੍ਰੋਜੈਕਟ ਨਾਲ ਡੈਮ ਦੀ ਉਮਰ ਵਧੇਗੀ, ਜਲ ਭੰਡਾਰਨ ਸਮਰੱਥਾ ਬਹਾਲ ਹੋਵੇਗੀ ਅਤੇ ਬਿਜਲੀ ਉਤਪਾਦਨ ਤੇ ਸਿੰਚਾਈ ਦੋਵਾਂ ਨੂੰ ਲੰਮੇ ਸਮੇਂ ਦਾ ਲਾਭ ਮਿਲੇਗਾ। BBMB ਅਤੇ ਕੇਂਦਰ ਸਰਕਾਰ ਨੇ ਮਿਲ ਕੇ ਇਹ ਮਹੱਤਵਪੂਰਨ ਕਦਮ ਚੁੱਕਿਆ ਹੈ, ਜਿਸ ਨਾਲ ਨਾ ਸਿਰਫ਼ ਪੰਜਾਬ, ਹਰਿਆਣਾ, ਰਾਜਸਥਾਨ ਤੇ ਹਿਮਾਚਲ ਨੂੰ ਬਲਕਿ ਪੂਰੇ ਦੇਸ਼ ਨੂੰ ਫਾਇਦਾ ਹੋਵੇਗਾ।