Punjab

ਅੰਮ੍ਰਿਤਸਰ ਦੀ ਫੈਕਟਰੀ ’ਚ ਪ੍ਰਵਾਸੀ ਮਜ਼ਦੂਰਾਂ ’ਤੇ ਹਮਲਾ, 8 ਪ੍ਰਵਾਸੀ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖ਼ਮੀ

ਬਿਊਰੋ ਰਿਪੋਰਟ (ਅੰਮ੍ਰਿਤਸਰ, 2 ਦਸੰਬਰ 2025): ਅੰਮ੍ਰਿਤਸਰ ਦੇ ਮਜੀਠਾ ਰੋਡ ’ਤੇ ਨਾਥ ਕਲਾਂ ਸਥਿਤ ਇੱਕ ਫੈਕਟਰੀ ਵਿੱਚ ਹੋਈ ਕੁੱਟਮਾਰ ਦੀ ਘਟਨਾ ਨੇ ਪ੍ਰਵਾਸੀ ਮਜ਼ਦੂਰਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਹਮਲੇ ਵਿੱਚ 8 ਪ੍ਰਵਾਸੀ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਗੁਰੂ ਨਾਨਕ ਹਸਪਤਾਲ ਵਿੱਚ ਚੱਲ ਰਿਹਾ ਹੈ। ਹੁਣ ਪੀੜਤਾਂ ਨੇ ਘਟਨਾ ਦੀ ਪੂਰੀ ਸੱਚਾਈ ਸਾਹਮਣੇ ਰੱਖੀ ਹੈ।

ਪੀੜਤ ਸੰਜੀਵ ਪ੍ਰਸਾਦ ਨੇ ਦੱਸਿਆ ਕਿ ਸਾਰੇ ਮਜ਼ਦੂਰ ਫੈਕਟਰੀ ਦੇ ਅੰਦਰ ਹੀ ਰਹਿੰਦੇ ਹਨ ਅਤੇ ਫੈਕਟਰੀ ਮਾਲਕ ਨੇ ਕੁਝ ਦਿਨਾਂ ਦੇ ਆਰਜ਼ੀ ਕੰਮ ਲਈ ਇੱਕ JCB ਮਸ਼ੀਨ ਬੁਲਾਈ ਸੀ। ਕੰਮ 2-3 ਦਿਨ ਚੱਲਣਾ ਸੀ, ਇਸ ਲਈ JCB ਡਰਾਈਵਰ ਨੂੰ ਫੈਕਟਰੀ ਦੇ ਅੰਦਰ ਹੀ ਇੱਕ ਕਮਰਾ ਦਿੱਤਾ ਗਿਆ ਸੀ।

ਦੇਰ ਰਾਤ ਜਦੋਂ JCB ਡਰਾਈਵਰ ਆਪਣੇ ਕਮਰੇ ਵਿੱਚ ਪਹੁੰਚਿਆ, ਤਾਂ ਉਸ ਨੇ ਦੇਖਿਆ ਕਿ ਕਮਰੇ ਵਿੱਚ ਕਿਸੇ ਨੇ ਪਿਸ਼ਾਬ ਕਰ ਦਿੱਤਾ ਸੀ। ਸਾਨੂੰ ਸਾਰਿਆਂ ਨੂੰ ਲੱਗਾ ਕਿ ਜ਼ਰੂਰ ਕੋਈ ਕੁੱਤਾ ਅੰਦਰ ਆ ਗਿਆ ਹੋਵੇਗਾ, ਪਰ ਉਹ ਬਿਨਾਂ ਕਿਸੇ ਸਬੂਤ ਦੇ ਸਾਡੇ ’ਤੇ ਹੀ ਸ਼ੱਕ ਕਰਨ ਲੱਗ ਗਿਆ।

ਉਨ੍ਹਾਂ ਅੱਗੇ ਕਿਹਾ ਕਿ ਡਰਾਈਵਰ ਨੇ ਬਿਨਾਂ ਵਜ੍ਹਾ ਸਾਡੇ ’ਤੇ ਇਲਜ਼ਾਮ ਲਗਾਏ, ਬਹਿਸ ਸ਼ੁਰੂ ਕਰ ਦਿੱਤੀ ਅਤੇ ਗਾਲ੍ਹਾਂ ਕੱਢਣ ਲੱਗਾ। ਅਸੀਂ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਸ ਵਿੱਚ ਸਾਡੀ ਕੋਈ ਗ਼ਲਤੀ ਨਹੀਂ ਹੈ, ਪਰ ਉਹ ਹੋਰ ਗੁੱਸੇ ਵਿੱਚ ਆ ਗਿਆ।

15 ਤੋਂ 20 ਮੁੰਡੇ ਲੈ ਕੇ ਹਮਲਾ ਕਰਨ ਦੇ ਇਲਜ਼ਾਮ 

ਮਾਮਲਾ ਇੱਥੇ ਹੀ ਨਹੀਂ ਰੁਕਿਆ। ਥੋੜ੍ਹੀ ਦੇਰ ਬਾਅਦ ਹਾਲਾਤ ਅਚਾਨਕ ਵਿਗੜ ਗਏ। ਸੰਜੀਵ ਪ੍ਰਸਾਦ ਅਨੁਸਾਰ ਡਰਾਈਵਰ ਕੁਝ ਦੇਰ ਬਾਅਦ ਬਾਹਰੋਂ ਕਰੀਬ 15-20 ਮੁੰਡੇ ਲੈ ਕੇ ਆਇਆ ਅਤੇ ਬਿਨਾਂ ਕੁਝ ਕਹੇ ਸਾਡੇ ’ਤੇ ਹਮਲਾ ਕਰ ਦਿੱਤਾ। ਪ੍ਰਵਾਸੀਆਂ ਨੇ ਬਿਆਨ ਦਿੱਤਾ ਕਿ ਉਨ੍ਹਾਂ ਨੇ ਡੰਡਿਆਂ ਨਾਲ ਸਾਨੂੰ ਬੇਰਹਿਮੀ ਨਾਲ ਕੁੱਟਿਆ।

ਉਨ੍ਹਾਂ ਕਿਹਾ ਕਿ ਸਾਡੇ ਕਈ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਪ੍ਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਰੋਜ਼ੀ-ਰੋਟੀ ਕਮਾਉਣ ਲਈ ਦੂਰ-ਦੂਰ ਤੋਂ ਆਉਂਦੇ ਹਨ, ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਉਨ੍ਹਾਂ ਦੀ ਸੁਰੱਖਿਆ ’ਤੇ ਵੱਡਾ ਸਵਾਲ ਖੜ੍ਹਾ ਕਰਦੀਆਂ ਹਨ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਫੈਕਟਰੀ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ‘ਤੇ ਲੱਗੇ CCTV ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਹਮਲੇ ਦੀ ਅਸਲ ਵਜ੍ਹਾ ਅਤੇ ਸ਼ਾਮਲ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਫੁਟੇਜ ਦੇ ਆਧਾਰ ’ਤੇ ਜਲਦੀ ਹੀ ਸਥਿਤੀ ਸਪੱਸ਼ਟ ਹੋ ਜਾਵੇਗੀ ਅਤੇ ਜ਼ਿੰਮੇਵਾਰ ਲੋਕਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।