Punjab

ਚੰਡੀਗੜ੍ਹ ਚ’ ਪੈਰੀ ਉਰਫ਼ ਇੰਦਰਪ੍ਰੀਤ ਦਾ ਕਤਲ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ

ਚੰਡੀਗੜ੍ਹ ਦੇ ਸੈਕਟਰ-26 ਟਿੰਬਰ ਮਾਰਕੀਟ ਵਿੱਚ ਸੋਮਵਾਰ ਦੇਰ ਸ਼ਾਮ ਵੱਡੀ ਗੈਂਗਵਾਰ ਦਾ ਖੂਨੀ ਅੰਜ਼ਾਮ ਵੇਖਣ ਨੂੰ ਮਿਲਿਆ। ਪੈਰੀ ਉਰਫ਼ ਇੰਦਰਪ੍ਰੀਤ ਸਿੰਘ ਨਾਮ ਦੇ ਨੌਜਵਾਨ ਨੂੰ ਉਸਦੀ ਕਾਰ ਵਿੱਚ ਬੈਠੇ ਹੀ ਨੇੜਿਓਂ ਪੰਜ ਗੋਲੀਆਂ ਮਾਰ ਕੇ ਮੌਕੇ ’ਤੇ ਹੀ ਮਾਰ ਦਿੱਤਾ ਗਿਆ। ਇੱਕ ਗੋਲੀ ਸਿੱਧੀ ਛਾਤੀ ਵਿੱਚ ਵੱਜੀ, ਜਿਸ ਕਾਰਨ ਪੀਜੀਆਈ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ।

ਘਟਨਾ ਤੋਂ ਕੁਂ ਥੋੜ੍ਹੀ ਦੇਰ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨੇ ਫੇਸਬੁੱਕ ’ਤੇ ਇੱਕ ਖੁੱਲ੍ਹ ਪੋਸਟ ਪਾ ਕੇ ਕਤਲ ਦੀ ਪੂਰੀ ਜ਼ਿੰਮੇਵਾਰੀ ਲਈ ਅਤੇ ਗੋਲਡੀ ਬਰਾੜ ਤੇ ਰੋਹਿਤ ਗੋਦਾਰਾ ਵਿਰੁੱਧ ਖੁੱਲ੍ਹੀ ਜੰਗ ਦਾ ਐਲਾਨ ਕਰ ਦਿੱਤਾ।

ਪੋਸਟ ਵਿੱਚ ਲਿਖਿਆ ਗਿਆ: “ਅੱਜ ਤੋਂ ਨਵੀਂ ਜੰਗ ਸ਼ੁਰੂ ਹੋ ਗਈ। ਚੰਡੀਗੜ੍ਹ ਸੈਕਟਰ-26 ਵਿੱਚ ਇੰਦਰਪ੍ਰੀਤ ਪੈਰੀ ਦੇ ਕਤਲ ਦੀ ਜ਼ਿੰਮੇਵਾਰੀ ਅਸੀਂ ਲੈਂਦੇ ਆਂ। ਗੋਲਡੀ ਤੇ ਰੋਹਿਤ ਗੈਂਗ ਵੱਲੋਂ ਕਲੱਬਾਂ-ਸੱਟੇਬਾਜ਼ਾਂ ਤੋਂ ਫੋਨ ’ਤੇ ਪੈਸੇ ਵਸੂਲੇ ਜਾਂਦੇ ਸਨ। ਉਨ੍ਹਾਂ ਨੇ ਸਾਡੇ ਭਰਾ ਹਰੀ ਭਾਈ ’ਤੇ ਹਮਲਾ ਕਰਵਾਇਆ ਤੇ ਦੁਬਈ ਵਿੱਚ ਸਿੱਪੀ (ਜ਼ੋਰਾ ਸਿੱਧੂ) ਦਾ ਕਤਲ ਕਰਵਾਇਆ। ਅੱਜ ਤੋਂ ਜਿਹੜਾ ਵੀ ਗੋਲਡੀ-ਰੋਹਿਤ ਨੂੰ ਛੋਟੇ ਤੋਂ ਛੋਟਾ ਸਹਿਯੋਗ ਦੇਵੇਗਾ, ਉਹ ਵੀ ਮਾਰਿਆ ਜਾਵੇਗਾ – ਭਾਵੇਂ ਉਹ ਕਿਸੇ ਵੀ ਦੇਸ਼ ਵਿੱਚ ਹੋਵੇ।”

ਜਵਾਬ ਵਿੱਚ ਗੋਲਡੀ ਬਰਾੜ ਵੱਲੋਂ ਇੱਕ ਆਡੀਓ ਵਾਇਰਲ ਕੀਤੀ ਗਈ ਜਿਸ ਵਿੱਚ ਉਹ ਲਾਰੈਂਸ ਨੂੰ “ਗੱਦਾਰ” ਕਹਿ ਕੇ ਗਾਲ੍ਹਾਂ ਕੱਢਦਾ ਹੈ ਅਤੇ ਪੈਰੀ ਨੂੰ “ਮਾਸੂਮ” ਦੱਸਦਾ ਹੈ।

ਪੁਲਿਸ ਜਾਂਚ ਮੁਤਾਬਕ ਇਹ ਕਤਲ ਦੁਬਈ ਵਿੱਚ ਹੋਏ ਸਿੱਪੀ ਸਿੱਧੂ ਦੇ ਕਤਲ ਦਾ ਸਿੱਧਾ ਬਦਲਾ ਸੀ। ਹਮਲਾਵਰ ਕ੍ਰੇਟਾ ਕਾਰ ਵਿੱਚ ਆਏ, ਪੈਰੀ ਦੀ ਕਾਰ ਦਾ ਪਿੱਛਾ ਕੀਤਾ, ਗੋਲੀਆਂ ਚਲਾ ਕੇ ਬਾਈਕ ’ਤੇ ਫਰਾਰ ਹੋ ਗਏ। ਪੰਚਕੂਲਾ ਸੀਆਈਏ ਨੇ ਉਹ ਕ੍ਰੇਟਾ ਬਰਾਮਦ ਕਰ ਲਈ ਹੈ। ਇਲਾਕੇ ਦੇ ਸੀਸੀਟੀਵੀ ਵਿੱਚ ਦੋ ਕਾਰਾਂ ਤੇ ਕਈ ਨੌਜਵਾਨਾਂ ਦੀ ਹਰਕਤ ਕੈਦ ਹੋਈ ਹੈ।

ਚੰਡੀਗੜ੍ਹ ਕ੍ਰਾਈਮ ਬ੍ਰਾਂਚ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੰਨਦੀ ਹੈ ਕਿ ਲਾਰੈਂਸ-ਗੋਲਡੀ ਵਿਚਕਾਰ ਚੱਲ ਰਹੀ ਖੂਨੀ ਗੈਂਗਵਾਰ ਹੁਣ ਖੁੱਲ੍ਹ ਕੇ ਸੜਕਾਂ ’ਤੇ ਆ ਗਈ ਹੈ ਅਤੇ ਅਗਲੇ ਕਈ ਦਿਨ ਹੋਰ ਖ਼ੂਨ-ਖ਼ਰਾਬੇ ਦਾ ਖ਼ਤਰਾ ਬਣਿਆ ਹੋਇਆ ਹੈ।