India

ਸੰਸਦ ਸਰਦ ਰੁੱਤ ਇਜਲਾਸ, ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਹੋਈ ਸ਼ੁਰੂ

ਸੰਸਦ ਦਾ ਮਾਨਸੂਨ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਗਿਆ। ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਭਾਰਤ ਨੇ ਸਾਬਤ ਕਰ ਦਿੱਤਾ ਹੈ ਕਿ ਲੋਕਤੰਤਰ ਪ੍ਰਦਰਸ਼ਨ ਵੀ ਕਰ ਸਕਦਾ ਹੈ। ਉਨ੍ਹਾਂ ਇਸ ਸੈਸ਼ਨ ਨੂੰ ਭਾਰਤ ਦੇ ਵਿਕਾਸ ਨੂੰ ਹੋਰ ਤੇਜ਼ ਕਰਨ ਦਾ ਮੌਕਾ ਦੱਸਿਆ। ਪੀਐੱਮ ਨੇ ਵਿਰੋਧੀ ਧਿਰ ਨੂੰ ਚੁਣਾਵੀ ਹਾਰ ਦੀ ਨਿਰਾਸ਼ਾ ਭੁੱਲ ਕੇ ਮਜ਼ਬੂਤ ਅਤੇ ਰਾਸ਼ਟਰੀ ਮੁੱਦਿਆਂ ’ਤੇ ਚਰਚਾ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸਦਨ ਵਿੱਚ ਡਿਲੀਵਰੀ ਚਾਹੀਦੀ ਹੈ, ਡਰਾਮਾ ਨਹੀਂ; ਹਾਰ ਦੀ ਨਿਰਾਸ਼ਾ ਜਾਂ ਜਿੱਤ ਦਾ ਹੰਕਾਰ ਨਹੀਂ ਚੱਲਣਾ ਚਾਹੀਦਾ। ਨਵੇਂ ਸੰਸਦ ਮੈਂਬਰਾਂ ਨੂੰ ਪੁਰਾਣਿਆਂ ਤੋਂ ਸਿੱਖਣ ਦੀ ਅਪੀਲ ਵੀ ਕੀਤੀ।

ਪੀਐੱਮ ਮੋਦੀ ਨੇ ਰਾਜ ਸਭਾ ਵਿਚ ਆਪਣਾ ਸੰਬੋਧਨ ਸ਼ੁਰੂ ਕਰਨ ਤੋਂ ਪਹਿਲਾਂ ਰਾਜ ਸਭਾ ਦੇ ਨਵੇਂ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਸਾਦਗੀ, ਲੋਕ-ਸੰਪਰਕ ਅਤੇ ਝਾਰਖੰਡ ਵਿੱਚ ਆਦਿਵਾਸੀ ਖੇਤਰਾਂ ਵਿੱਚ ਕੀਤੇ ਕੰਮ ਦੀ ਖ਼ਾਸ ਤੌਰ ’ਤੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰਾਧਾਕ੍ਰਿਸ਼ਨਨ ਪ੍ਰੋਟੋਕੋਲ ਵਿੱਚ ਨਹੀਂ ਫਸਦੇ, ਸਗੋਂ ਧਰਾਤਲ ’ਤੇ ਜਾ ਕੇ ਲੋਕਾਂ ਨਾਲ ਜੁੜਦੇ ਹਨ।

ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਨੇ ਜ਼ੋਰਦਾਰ ਹੰਗਾਮਾ ਸ਼ੁਰੂ ਕਰ ਦਿੱਤਾ। ਪ੍ਰਸ਼ਨ ਕਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਾਂਗਰਸ, ਡੀਐੱਮਕੇ ਅਤੇ ਹੋਰ ਵਿਰੋਧੀ ਮੈਂਬਰ ਵੈੱਲ ਵਿੱਚ ਆ ਗਏ ਅਤੇ ਨਾਅਰੇਬਾਜ਼ੀ ਕਰਨ ਲੱਗ ਪਏ। ਸਪੀਕਰ ਓਮ ਬਿਰਲਾ ਨੇ ਕਈ ਵਾਰ ਸਦਨ ਨੂੰ ਸ਼ਾਂਤ ਰਹਿਣ ਅਤੇ ਕੰਮ ਕਰਨ ਦੀ ਅਪੀਲ ਕੀਤੀ, ਪਰ ਵਿਰੋਧੀ ਨੇ ਸੁਣਿਆ ਨਹੀਂ।

ਨਤੀਜੇ ਵਜੋਂ ਲੋਕ ਸਭਾ ਨੂੰ ਪਹਿਲਾਂ 11:45 ਵਜੇ ਤੇ ਫਿਰ ਦੁਪਹਿਰ 12 ਵਜੇ ਤੱਕ ਮੁਲਤਵੀ ਕਰਨਾ ਪਿਆ।ਇਸ ਤੋਂ ਪਹਿਲਾਂ ਸਦਨ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ (ਅੰਡਰ-19 ਟੀ-20 ਵਿਸ਼ਵ ਕੱਪ), ਨੇਤਰਹੀਣ ਮਹਿਲਾ ਕ੍ਰਿਕਟ ਟੀਮ ਅਤੇ ਭਾਰਤੀ ਕਬੱਡੀ ਟੀਮ ਨੂੰ ਵਿਸ਼ਵ ਕੱਪ ਜਿੱਤਣ ’ਤੇ ਵਧਾਈ ਦਿੱਤੀ। ਸਾਬਕਾ ਕੇਂਦਰੀ ਮੰਤਰੀ ਸ਼੍ਰੀਪ੍ਰਕਾਸ਼ ਜੈਸਵਾਲ ਤੇ ਤਿੰਨ ਹੋਰ ਸਾਬਕਾ ਮੈਂਬਰਾਂ ਦੇ ਦੇਹਾਂਤ ’ਤੇ ਸੋਗ ਪ੍ਰਸਤਾਵ ਪਾਸ ਕੀਤਾ ਗਿਆ ਅਤੇ ਇਕ ਮਿੰਟ ਦਾ ਮੌਨ ਧਾਰਨ ਕੀਤਾ ਗਿਆ।