Khaas Lekh Punjab

‘Walled City’ ਅੰਮ੍ਰਿਤਸਰ ਦਾ ਅਲੋਪ ਹੋ ਰਿਹਾ ਇਤਿਹਾਸ: ਗੁਰੂਆਂ ਤੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਵਾਈ ਕੰਧ ਅਤੇ ਇਤਿਹਾਸਿਕ ਦਰਵਾਜ਼ੇ

ਬਿਊਰੋ ਰਿਪੋਰਟ (ਗੁਰਪ੍ਰੀਤ ਕੌਰ, 29 ਨਵੰਬਰ 2025): ਹਾਲ ਹੀ ਵਿੱਚ ਪੰਜਾਬ ਸਰਕਾਰ ਨੇ ਅਧਿਕਾਰਤ ਤੌਰ ’ਤੇ ਸ੍ਰੀ ਆਨੰਦਪੁਰ ਸਾਹਿਬ, ਤਲਵੰਡੀ ਸਾਬੋ ਅਤੇ ਅੰਮ੍ਰਿਤਸਰ ਦੀ ਪੁਰਾਣੀ ‘ਵਾਲਡ ਸਿਟੀ’ (Walled City of Amritsar) ਨੂੰ ‘ਪਵਿੱਤਰ ਸ਼ਹਿਰ’ ਐਲਾਨ ਦਿੱਤਾ ਹੈ। ਇਸ ਫੈਸਲੇ ਤਹਿਤ ਇਨ੍ਹਾਂ ਖੇਤਰਾਂ ਵਿੱਚ ਸ਼ਰਾਬ, ਤੰਬਾਕੂ ਅਤੇ ਮਾਸ ਦੀ ਵਿਕਰੀ ਅਤੇ ਸੇਵਨ ਉੱਤੇ ਸਖ਼ਤ ਪਾਬੰਦੀ ਰਹੇਗੀ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਇਸ ਖੇਤਰ ਵਿੱਚ ਸ਼ਰਾਬ, ਤੰਬਾਕੂ ਅਤੇ ਮਾਸ ਦੀਆਂ ਦੁਕਾਨਾਂ ਚਲਾਉਣ ਵਾਲੇ ਲੋਕ ਜੇ ਕਿਸੇ ਹੋਰ ਕੰਮ ਵੱਲ ਜਾਣਾ ਚਾਹੁੰਦੇ ਹਨ, ਤਾਂ ਸਰਕਾਰ ਉਨ੍ਹਾਂ ਦੀ ਮਦਦ ਵੀ ਕਰੇਗੀ।

ਪਹਿਲਾਂ ਕਿਹਾ ਗਿਆ ਸੀ ਕਿ ਤਲਵੰਡੀ ਸਾਬੋ ਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨਿਆ ਗਿਆ ਹੈ ਜਦਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪੂਰੇ ਸ਼ਹਿਰ ਦੀ ਬਜਾਏ ਸਿਰਫ਼ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਨੂੰ ਹੀ ਪਵਿੱਤਰ ਐਲਾਨਿਆ ਗਿਆ ਹੈ। ਇਹ ਖ਼ਬਰ ਸਾਹਮਣੇ ਆਉਣ ਬਾਅਦ ਆਮ ਲੋਕਾਂ ਤੇ ਵਿਰੋਧੀ ਧਿਰ ਦੇ ਲੀਡਰਾਂ ਨੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਕਿਉਂਕਿ ਗਲਿਆਰਾ ਤੇ ਪਹਿਲਾਂ ਹੀ ਪਵਿੱਤਰ ਮੰਨਿਆ ਜਾਂਦਾ ਹੈ ਤੇ ਉੱਥੇ ਪਹਿਲਾਂ ਹੀ ਸ਼ਰਾਬ-ਮੀਟ ਦੀ ਪਾਬੰਧੀ ਲੱਗੀ ਹੋਈ ਹੈ। ਕਾਂਗਰਸੀ ਆਗੂ ਪ੍ਰਗਟ ਸਿੰਘ ਨੇ ਅੰਮ੍ਰਿਤਸਰ ਦੇ ਗਲਿਆਰੇ ਬਾਰੇ ਸਪੱਸ਼ਟੀਕਰਨ ਮੰਗਿਆ ਕਿ ਉਹ ਤਾਂ ਪਹਿਲਾਂ ਹੀ ਪਵਿੱਤਰ ਮੰਨਿਆ ਜਾਂਦਾ ਹੈ ਫਿਰ ਇਹ ਐਲਾਨ ਕਿਉਂ?

ਇਸ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੋਸ਼ਲ ਮੀਡੀਆ ਰਾਹੀਂ ਇਹ ਸਪੱਸ਼ਟ ਕੀਤਾ ਕਿ “ਪਵਿੱਤਰ ਸ਼ਹਿਰ ਦੇ ਮਤੇ ਵਿੱਚ, ਸਹੀ ਹਵਾਲਾ ਸ੍ਰੀ ਅੰਮ੍ਰਿਤਸਰ ਵਾਲਡ ਸਿਟੀ ਵਾਲਾ ਸ਼ਹਿਰ, ਤਲਵੰਡੀ ਸਾਬੋ ਅਤੇ ਸ੍ਰੀ ਅਨੰਦਪੁਰ ਸਾਹਿਬ ਹੈ, ਨਾ ਕਿ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦਾ ਗਲਿਆਰਾ। ਵਿਧਾਨ ਸਭਾ ਦਾ ਰਿਕਾਰਡ ਉਸ ਅਨੁਸਾਰ ਦਰੁਸਤ ਕੀਤਾ ਜਾਂਦਾ ਹੈ।”

ਹੁਣ ਬਹੁਤ ਸਾਰੇ ਲੋਕ ਖ਼ਾਸ ਕਰਕੇ ਨੌਜਵਾਨ ਸ਼ਾਇਦ ਇਹ ਨਾ ਜਾਣਦੇ ਹੋਣ ਕਿ ਇਹ ਵਾਲਡ ਸਿਟੀ ਕੀ ਹੈ। ਸੋ ਇਸ ਖ਼ਾਸ ਲੇਖ ਵਿੱਚ ਅਸੀਂ ਵਾਲਡ ਸਿਟੀ ਬਾਰੇ ਜਾਣਾਂਗੇ ਕਿ ਇਸ ਵਿੱਚ ਅੰਮ੍ਰਿਤਸਰ ਸ਼ਹਿਰ ਦਾ ਕਿਹੜਾ ਖੇਤਰ ਆਉਂਦਾ ਹੈ, ਤੇ ਇਸਦਾ ਇਤਿਹਾਸ ਕੀ ਹੈ, ਜਿੱਥੇ ਹੁਣ ਮੀਟ-ਸ਼ਰਾਬ ਤੋ ਹੋਰ ਸ਼ਾਕਾਹਾਰੀ ਖਾਣੇ ਦੀ ਪਾਬੰਧੀ ਲਾਈ ਜਾਏਗੀ।

ਪਰ ਵਾਲਡ ਸਿਟੀ ਬਾਰੇ ਜਾਨਣ ਤੋਂ ਪਹਿਲਾਂ ਅੰਮ੍ਰਿਤਸਰ ਸ਼ਹਿਰ ਬਾਰੇ ਹਲਕੀ ਜਿਹੀ ਝਾਤ ਮਾਰ ਲੈਂਦੇ ਹਾਂ। 

ਅੰਮ੍ਰਿਤਸਰ ਸ਼ਹਿਰ ਦਾ ਇਤਿਹਾਸ 

ਇਤਿਹਾਸ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਸ਼ਹਿਰ ਦੀ ਨੀਂਹ 1574 ਵਿੱਚ ਗੁਰੂ ਰਾਮਦਾਸ ਜੀ ਨੇ ਪਵਿੱਤਰ ਸਰੋਵਰ ਨੂੰ ਟੱਕ ਲਾ ਕੇ ਰੱਖੀ। ਕੁਝ ਹਵਾਲਿਆਂ ਮੁਤਾਬਕ ਇਹ ਜ਼ਮੀਨ ਨੇੜੇ ਦੇ ਤੁੰਗ ਪਿੰਡ ਦੇ ਵਾਸੀਆਂ ਪਾਸੋਂ ਖ਼ਰੀਦੀ ਗਈ ਸੀ ਜਦਕਿ ਕੁਝ ਹੋਰਨਾਂ ਮੁਤਾਬਕ ਗੁਰੂ ਅਮਰਦਾਸ ਦੇ ਸਮੇਂ ਮੁਗ਼ਲ ਸਮਰਾਟ ਅਕਬਰ ਬਾਦਸ਼ਾਹ ਨੇ ਇਹ ਜ਼ਮੀਨ ਬੀਬੀ ਭਾਨੀ ਨੂੰ ਉਨ੍ਹਾਂ ਦੀ ਗੁਰੂ ਰਾਮਦਾਸ ਨਾਲ ਸ਼ਾਦੀ ਸਮੇਂ ਤੋਹਫ਼ੇ ਵਜੋਂ ਦਿੱਤੀ ਸੀ। ਜੋ ਇਸ ਸਰੋਵਰ ਦੇ ਆਲੇ ਦੁਆਲੇ ਨਗਰ ਵੱਸਿਆ। ਉਸ ਦਾ ਸ਼ੁਰੂ ਵਿੱਚ ਨਾਂਅ ਰਾਮਦਾਸਪੁਰ, ਚੱਕ ਰਾਮਦਾਸ ਜਾਂ ਗੁਰੂ ਦਾ ਚੱਕ ਪਿਆ। 

ਇਸ ਤੋਂ ਬਾਅਦ ਗੁਰੂ ਅਰਜਨ, ਜਿਨ੍ਹਾਂ ਨੇ ਸਰੋਵਰ ਮੁਕੰਮਲ ਕਰਵਾਇਆ, ਸੰਤੋਖਸਰ ਤੇ ਰਾਮਸਰ ਦੇ ਤਾਲ ਖੁਦਵਾਏ ਅਤੇ ਸਰੋਵਰ ਦੇ ਵਿਚਕਾਰ ਹਰਿਮੰਦਰ ਸਾਹਿਬ ਬਣਵਾਇਆ, ਦੇ ਸਮੇਂ ਇਹ ਸ਼ਹਿਰ ਤਰੱਕੀ ਕਰਦਾ ਗਿਆ। ਹਰਿਗੋਬਿੰਦ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਬਣਵਾਇਆ ਅਤੇ ਕੌਲਸਰ ਤੇ ਬਿਬੇਕਸਰ ਦੇ ਤਾਲ ਖੁਦਵਾਏ ਅਤੇ ਸ਼ਹਿਰ ਦੀ ਪੱਛਮੀ ਹਦੂਦ ਵਿੱਚ ਲੋਹਗੜ੍ਹ ਕਿਲ੍ਹਾ ਉਸਰਵਾਇਆ। 

801 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਸਿੱਖ ਰਾਜ ਦੇ ਮਹਾਰਾਜਾ ਬਣੇ। 1805 ਵਿੱਚ ਉਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਦੇ ਨਾਲ-ਨਾਲ ਜ਼ਮਜ਼ਮਾ ਤੋਪ ਅਤੇ ਭੰਗੀ ਸਰਦਾਰਾਂ ਦੇ ਕਿਲ੍ਹੇ ਅਤੇ ਤੋਸ਼ੇਖਾਨੇ ’ਤੇ ਵੀ ਆਪਣਾ ਅਧਿਕਾਰ ਸਥਾਪਿਤ ਕੀਤਾ। 1815 ਵਿੱਚ ਰਾਮਗੜ੍ਹੀਆ ਕਿਲ੍ਹਾ ਅਤੇ 1820 ਤਕ ਆਹਲੂਵਾਲੀਆ ਅਤੇ ਕਨ੍ਹਈਆ ਮਿਸਲਾਂ ਵੀ ਉਨ੍ਹਾਂ ਦੇ ਰਾਜ ਵਿੱਚ ਸ਼ਾਮਲ ਹੋ ਗਈਆਂ, ਤੇ ਪੂਰਾ ਅੰਮ੍ਰਿਤਸਰ ਮਹਾਰਾਜਾ ਸਾਹਿਬ ਦੇ ਸੁਚੱਜੇ ਪ੍ਰਬੰਧ ਹੇਠ ਆ ਗਿਆ।

ਉਨ੍ਹਾਂ ਦੇ ਸਮੇਂ ਹੀ ਅੰਮ੍ਰਿਤਸਰ ਵਿੱਚ ਕਿਲ੍ਹਾ ਗੋਬਿੰਦਗੜ੍ਹ ਬਣਵਾਇਆ ਗਿਆ, ਰਾਮ ਬਾਗ਼ ਲਵਾਇਆ ਗਿਆ ਅਤੇ ਦਰਬਾਰ ਸਾਹਿਬ ਦੀ ਇਮਾਰਤ ਉੱਤੇ ਸੋਨਾ ਜੜਵਾਉਣ ਦਾ ਕੰਮ ਹੋਇਆ।

ਕਿਲ੍ਹਾ ਗੋਬਿੰਦਗੜ੍ਹ

 

ਹੁਣ ਜਾਣਦੇ ਹਾਂ ਵਾਲਡ ਸਿਟੀ ਦਾ ਮਤਲਬ ਕੀ ਹੈ?

ਸ੍ਰੀ ਅੰਮ੍ਰਿਤਸਰ ਦਾ ‘ਵਾਲਡ ਸਿਟੀ’ (The Walled City) ਅਸਲ ਵਿੱਚ ਸ਼ਹਿਰ ਦਾ ਸਭ ਤੋਂ ਪੁਰਾਣਾ ਹਿੱਸਾ ਹੈ, ਜੋ ਇਤਿਹਾਸਕ ਤੌਰ ’ਤੇ ਇੱਕ ਕੰਧ ਅਤੇ 12 ਦਰਵਾਜ਼ਿਆਂ ਨਾਲ ਘਿਰਿਆ ਹੋਇਆ ਸੀ। ਇਸ ਦੇ ਕੇਂਦਰ ਵਿੱਚ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਸਥਿਤ ਹੈ। ਅਕਸਰ ਬਹੁਤ ਥਾਈਂ 12 ਦਰਵਾਜ਼ਿਆਂ ਦਾ ਹੀ ਜ਼ਿਕਰ ਕੀਤਾ ਜਾਂਦਾ ਹੈ, ਪਰ ਅਸਲ ਵਿੱਚ ਦਰਵਾਜ਼ੇ 12 ਤੋਂ ਵੱਧ ਹਨ, ਜਿਨ੍ਹਾਂ ਬਾਰੇ ਅੱਜ ਇਸ ਲੇਖ ਵਿੱਚ ਜਾਣਾਂਗੇ। 

ਅੰਮ੍ਰਿਤਸਰ ਸ਼ਹਿਰ ਦੀ ਇਤਿਹਾਸਿਕ ਦੀਵਾਰ ਤੇ ਇਤਿਹਾਸਿਕ ਦਰਵਾਜ਼ੇ

ਅੰਮ੍ਰਿਤਸਰ ਸ਼ਹਿਰ ਦੀ ਸੁਰੱਖਿਆ ਅਤੇ ਮੁਗ਼ਲ ਸੈਨਾ ਦੇ ਮੁਕਾਬਲੇ ਲਈ ਫ਼ੌਜੀ ਤਿਆਰੀਆਂ ਨੂੰ ਧਿਆਨ ਵਿੱਚ ਰੱਖਦਿਆਂ ਗੁਰੂ ਹਰਿਗੋਬਿੰਦ ਸਾਹਿਬ ਨੇ ਸੰਮਤ 1671 (1614 ਈਸਵੀ) ਵਿੱਚ ਲੋਹਗੜ੍ਹ ਕਿਲ੍ਹੇ ਦਾ ਨਿਰਮਾਣ ਕਰਵਾਇਆ ਅਤੇ ਸੰਮਤ 1676 (ਸੰਨ 1619) ਵਿੱਚ ਪੁਰਾਣੇ ਅੰਮ੍ਰਿਤਸਰ (ਰਾਮਦਾਸਪੁਰਾ) ਦੇ ਕੁਝ ਹਿੱਸੇ ਵਿੱਚ ਪੱਕੀ ਦੀਵਾਰ ਬਣਵਾਈ। ਅਣਗਹਿਲੀ ਕਾਰਨ ਅੱਜ ਇਹ ਗੁਰੂ-ਨਿਸ਼ਾਨੀ ਅਲੋਪ ਹੋ ਚੁੱਕੀ ਹੈ।

ਗੁਰੂ ਜੀ ਤੋਂ ਬਾਅਦ ਸਰਦਾਰ ਜੱਸਾ ਸਿੰਘ ਰਾਮਗ੍ਹੜੀਆ ਨੇ ਕਟੜਾ ਰਾਮਗੜ੍ਹੀਆ ਸਹਿਤ ਸ਼ਹਿਰ ਦੇ ਕੁਝ ਹਿੱਸੇ ਵਿੱਚ ਦੀਵਾਰ ਬਣਵਾਈ। ਇਤਿਹਾਸ ਵਿੱਚ ਇਸੇ ਤਰ੍ਹਾਂ ਭੰਗੀ ਮਿਸਲ ਦੇ ਮੁਖੀ ਗੁੱਜਰ ਸਿੰਘ ਭੰਗੀ ਵੱਲੋਂ ਵੀ ਸ਼ਹਿਰ ਦੇ ਕੁਝ ਹਿੱਸੇ ਵਿੱਚ ਦੀਵਾਰ ਅਤੇ ਦਰਵਾਜ਼ੇ ਬਣਾਉਣ ਦਾ ਵੀ ਜ਼ਿਕਰ ਆਉਂਦਾ ਹੈ।

ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸ਼ਾਸਨ ਕਾਲ ਦੌਰਾਨ ਅੰਮ੍ਰਿਤਸਰ ਆਪਣੇ ਰਾਜ ਅਧੀਨ ਕਰਨ ਮਗਰੋਂ ਸ਼ਹਿਰ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ 1823 ਵਿੱਚ ਕਟੜਾ ਮਹਾਂ ਸਿੰਘ ਤੋਂ ਮਿਸਤਰੀ ਮੁਹੰਮਦ ਯਾਰ ਖ਼ਾਂ ਦੀ ਸਲਾਹ ਨਾਲ ਅਫ਼ਸਰ-ਏ-ਇਮਾਰਤ ਗਣੇਸ਼ ਦਾਸ ਦੀ ਮਾਰਫ਼ਤ ਦੀਵਾਰ ਬਣਵਾਉਣੀ ਸ਼ੁਰੂ ਕੀਤੀ ਸੀ। ਕਈ ਇਤਿਹਾਸਕਾਰਾਂ ਨੇ ਸੰਨ 1821 ਵੀ ਲਿਖਿਆ ਹੈ।

ਸ਼ਹਿਰ ਦੀ ਸੁਰੱਖਿਆ ਲਈ ਸ਼ਹਿਰ ਦੇ ਚੌਗਿਰਦੇ,  ਜੋ 25 ਫੁੱਟ ਚੌੜੀ ਦੀਵਾਰ ਬਣਾਈ ਗਈ, ਉਸ ਦੇ ਅੰਦਰ 10 ਗਜ਼ ਚੌੜੀ ਤੇ 8724 ਗਜ਼ ਲੰਮੀ ਧੂੜ ਕੋਟ ਬਣਾਈ ਗਈ। ਧੂੜ ਕੋਟ ਇੱਕ ਕੱਚੀ ਕੰਧ ਹੁੰਦੀ ਹੈ, ਜਿਸ ਵਿੱਚ ਰੇਤ ਭਰੀ ਜਾਂਦੀ ਹੈ, ਇਸ ਨੂੰ ਫ਼ਸੀਲ ਜਾਂ ਪਨਾਹਗਾਹ ਵੀ ਕਿਹਾ ਜਾਂਦਾ ਹੈ। ਬਾਹਰਲੀ ਪੱਕੀ ਦੀਵਾਰ ਬਾਹਰਵਾਰ ਡੂੰਘੀ ਖਾਈ ਪੁੱਟ ਕੇ ਪਾਣੀ ਨਾਲ ਭਰ ਦਿੱਤੀ ਗਈ।

ਬਾਅਦ ਵਿੱਚ ਦੀਵਾਰ ਦੇ ਨਿਰਮਾਣ ਦਾ ਕੰਮ ਦੇਸਾ ਸਿੰਘ ਮਜੀਠੀਆ ਅਤੇ ਉਨ੍ਹਾਂ ਮਗਰੋਂ ਉਨ੍ਹਾਂ ਦੇ ਪੁੱਤਰ ਲਹਿਣਾ ਸਿੰਘ ਮਜੀਠੀਆ ਨੂੰ ਸੌਂਪਿਆ ਗਿਆ। ਬਾਅਦ ਵਿੱਚ ਦੀਵਾਰ ਦਾ ਕੰਮ ਸ਼ਾਹੂਕਾਰ ਰਾਮਾਨੰਦ ਦੀ ਦੇਖ-ਰੇਖ ਵਿੱਚ ਚੱਲਦਾ ਰਿਹਾ। ਸ਼ਾਹੂਕਾਰ ਰਾਮਾਨੰਦ ਦੇ ਦੇਹਾਂਤ ਮਗਰੋਂ ਉਸ ਦੇ ਖ਼ਜ਼ਾਨੇ ਵਿੱਚੋਂ ਜੋ 8 ਲੱਖ ਰੁਪਏ ਮਿਲੇ, ਉਨ੍ਹਾਂ ਨੂੰ ਵੀ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾ ਕਰ ਕੇ ਦੀਵਾਰ ‘ਤੇ ਖ਼ਰਚ ਕੀਤਾ ਗਿਆ। ਇਸੇ ਧੂੜਕੋਟ ਦੀ ਦੀਵਾਰ ਵਿੱਚ 12 ਦਰਵਾਜ਼ੇ ਵੀ ਬਣਾਏ ਗਏ।

ਦੱਸਿਆ ਜਾਂਦਾ ਹੈ ਕਿ ਪੁਰਾਤਨ ਸਮੇਂ ਵਿੱਚ ਸਵੇਰੇ ਸੂਰਜ ਚੜ੍ਹਦਿਆਂ ਹੀ ਇਹ ਸਾਰੇ 12 ਦਰਵਾਜ਼ੇ ਖੋਲ੍ਹ ਦਿੱਤੇ ਜਾਂਦੇ ਸਨ ਅਤੇ ਸੂਰਜ ਢਲਣ ਤੋਂ ਬਾਅਦ ਇਨ੍ਹਾਂ ਸਾਰੇ ਦਰਵਾਜ਼ਿਆਂ ਨੂੰ ਬੰਦ ਕਰ ਦਿੱਤਾ ਸੀ। ਸ਼ਹਿਰ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਇਨ੍ਹਾਂ ਸਾਰੇ ਦਰਵਾਜ਼ਿਆਂ ਦੇ ਨਾਲ-ਨਾਲ ਇੱਕ ਨਹਿਰ ਵੀ ਲੰਘਦੀ ਸੀ ਤਾਂ ਜੋ ਕੋਈ ਵੀ ਦੁਸ਼ਮਣ ਸ਼ਹਿਰ ’ਤੇ ਹਮਲਾ ਨਾ ਕਰ ਸਕੇ। 

ਇੱਕ ਤੋਂ ਦੂਜੇ ਦਰਵਾਜ਼ੇ ਵਿਚਕਾਰ 20-20 ਬੁਰਜੀਆਂ ਬਣਾਈਆਂ ਗਈਆਂ। ਇਨ੍ਹਾਂ ਬੁਰਜੀਆਂ ਦੀ ਕੁੱਲ ਗਿਣਤੀ 240 ਸੀ। ਹਰ ਦਰਵਾਜ਼ੇ ’ਤੇ ਦੋ-ਤਿੰਨ ਤੋਪਾਂ ਰੱਖੀਆਂ ਹੁੰਦੀਆਂ ਸਨ। ਪੰਜਾਬ ’ਤੇ ਬ੍ਰਿਟਿਸ਼ ਸਰਕਾਰ ਦਾ ਕਬਜ਼ਾ ਹੋਣ ਮਗਰੋਂ 1855 ਵਿੱਚ ਇਤਿਹਾਸਕ ਦੀਵਾਰ ਅਤੇ ਦਰਵਾਜ਼ਿਆਂ ਵਿਚਕਾਰ ਬਣੀਆਂ ਬੁਰਜੀਆਂ ਤੋੜ ਦਿੱਤੀਆਂ ਗਈਆਂ| ਦੀਵਾਰ ਦੇ ਨਾਲ ਲੱਗਦੀ ਪਾਣੀ ਦੀ ਖਾਈ ਜਾਂ ਨਹਿਰ ਵਿੱਚ ਧੂੜਕੋਟ ਦੀ ਦੀਵਾਰ ਨੂੰ ਢਾਹ ਕੇ ਮਿੱਟੀ ਭਰ ਦਿੱਤੀ ਗਈ ਅਤੇ ਦੀਵਾਰ ਦੀ ਥਾਂ ਬਗ਼ੀਚੀਆਂ ਬਣਾਈਆਂ ਗਈਆਂ। 

1869 ਵਿੱਚ ਸ਼ਹਿਰ ਦੀ ਬਾਹਰ ਵਾਲੀ ਖਾਈ ਭਰਨ ਲਈ 3000 ਮਜ਼ਦੂਰ ਲਾਏ ਗਏ ਅਤੇ ਇਸ ਕੰਮ ’ਤੇ 2,56,568 ਰੁਪਏ ਖ਼ਰਚ ਆਇਆ। 1863 ਵਿੱਚ ਦੀਵਾਰ ਦੀ ਥਾਂ ਅੰਦਰੂਨੀ ਸਰਕੂਲਰ ਰੋਡ ਬਣਾ ਦਿੱਤੀ ਗਈ।

 

ਕਦੋਂ ਕਦੋਂ ਬਣੀ ਨਵੀਂ ਦੀਵਾਰ ਤੇ ਦਰਵਾਜ਼ੇ 

ਇਸ ਤੋਂ ਬਾਅਦ 19ਵੀਂ ਸਦੀ ਵਿੱਚ ਮੁੜ 12 ਗਜ਼ ਉੱਚੀ ਨਵੀਂ ਦੀਵਾਰ ਬਣਾਉਣੀ ਸ਼ੁਰੂ ਕੀਤੀ ਗਈ। ਨਵੀਂ ਦੀਵਾਰ ਅਤੇ ਦਰਵਾਜ਼ੇ 1866-68 ਦੇ ਵਿਚਕਾਰ ਪਬਲਿਕ ਵਰਕਸ ਡਿਪਾਰਟਮੈਂਟ ਵੱਲੋਂ ਬਣਾਏ ਗਏ। ਨਵੀਂ ਦੀਵਾਰ ਲਾਹੌਰੀ ਗੇਟ ਤੋਂ ਰਾਮਬਾਗ਼ ਤੱਕ ਬਣਾਈ ਗਈ। 1892 ਤੱਕ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਾਈ ਇਤਿਹਾਸਕ ਦੀਵਾਰ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਗਿਆ ਪਰ ਹਾਲ ਗੇਟ ਤੋਂ ਲੈ ਕੇ ਰਾਮ ਬਾਗ਼ ਤੱਕ ਪੁਰਾਣੀ ਦੀਵਾਰ ਦਾ ਕੁਝ ਬਾਹਰੀ ਹਿੱਸਾ ਅਜੇ ਵੀ ਮੌਜੂਦ ਹੈ। 

1876 ਵਿੱਚ ਅੰਗਰੇਜ਼ੀ ਸਰਕਾਰ ਦੁਆਰਾ ਹਾਲ ਗੇਟ ਬਣਾਉਣ ਮਗਰੋਂ ਦਰਵਾਜ਼ਾ ਰਾਮਬਾਗ਼ ਦੀ ਬਾਹਰੀ ਡਿਉਢੀ ਨੂੰ ਛੱਡ ਕੇ ਬਾਕੀ ਸਾਰੇ ਇਤਿਹਾਸਕ ਦਰਵਾਜ਼ਿਆਂ ਨੂੰ ਡੇਗ ਦਿੱਤਾ ਗਿਆ। ਮਹਾਂ ਸਿੰਘ ਗੇਟ ਨੂੰ ਅਖ਼ੀਰ ਵਿੱਚ 1892 ਵਿੱਚ ਢਾਹਿਆ ਗਿਆ। ਇਨ੍ਹਾਂ ਦਰਵਾਜ਼ਿਆਂ ਤੋਂ ਉਤਰਿਆ ਕੀਮਤੀ ਸਾਮਾਨ ਲਾਹੌਰ ਸੈਂਟਰਲ ਮਿਊਜ਼ੀਅਮ ਵਿੱਚ ਭੇਜ ਦਿੱਤਾ ਗਿਆ। ਨਵੀਂ ਦੀਵਾਰ ਦੇ ਬਾਹਰਵਾਰ ਹਾਥੀ ਗੇਟ ਤੋਂ ਖ਼ਜ਼ਾਨਾ ਗੇਟ ਤੱਕ ਸਿੰਗਲ ਰੇਲਵੇ ਲਾਈਨ ਵਿਛਾਈ ਗਈ, ਜਿਸ ’ਤੇ ਇੱਕ ਕੂੜਾ ਚੁੱਕਣ ਵਾਲੀ ਗੱਡੀ ਚੱਲਦੀ ਸੀ।  

ਅੰਮ੍ਰਿਤਸਰ ਦੇ ਇਤਿਹਾਸਿਕ ਦਰਵਾਜ਼ਿਆਂ ਦਾ ਵੇਰਵਾ 

ਦੱਸਿਆ ਜਾਂਦਾ ਹੈ ਕਿ ਜਦੋਂ ਦੇਸ਼ ਵਿੱਚ ਅੰਗਰੇਜ਼ਾਂ ਦਾ ਰਾਜ ਆਇਆ ਤਾਂ ਸਾਲ 1892 ’ਚ ਅੰਗਰੇਜ਼ਾਂ ਨੇ ਸਾਰੇ ਬਚੇ-ਖੁਚੇ ਗੇਟ ਤੁੜਵਾ ਕੇ ਆਪਣੇ ਹਿਸਾਬ ਨਾਲ ਤਿਆਰ ਕਰਵਾ ਦਿੱਤੇ ਸਨ। ਇਨ੍ਹਾਂ ਵਿੱਚੋਂ ਬਹੁਤੇ ਤਾਂ ਅਲੋਪ ਹੋ ਚੁੱਕੇ ਹਨ। 

  1. ਦਰਵਾਜ਼ਾ ਰਾਮਬਾਗ਼: ਇਹ ਦਰਵਾਜ਼ਾ ਮਹਾਰਾਜਾ ਰਣਜੀਤ ਸਿੰਘ ਦੁਆਰਾ ਬਣਾਇਆ ਗਿਆ ਸੀ। 12 ਗੇਟਾਂ ਵਿੱਚੋਂ ਸੱਭ ਤੋਂ ਪ੍ਰਮੁੱਖ ਗੇਟ ਸੀ ਜੋ ਮਹਾਰਾਜੇ ਦੇ ਸਮਰ ਪੈਲੇਸ, ਰਾਮ ਬਾਗ ਅਤੇ ਦਰਬਾਰ ਸਾਹਿਬ ਵਾਲੇ ਪਾਸੇ ਜਾਣ ਵਾਲਾ ਮੁੱਖ ਰਸਤਾ ਸੀ। ਇਸੇ ਗੇਟ ਰਾਹੀਂ ਮਹਾਰਾਜਾ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਸਨ।ਇਹ ਦਰਵਾਜ਼ਾ ਹੁਣ ਅਲੋਪ ਹੋ ਚੁੱਕਿਆ ਹੈ। ਪਰ ਇਸਦੀ ਬਾਹਰੀ ਡਿਉਢੀ ਅੱਜ ਵੀ ਮੌਜੂਦ ਹੈ। ਇਸ ਡਿਉਢੀ ਨੂੰ ਅੰਗਰੇਜ਼ ਰਾਮਬਾਗ਼ ਦਾ ਪੁਰਾਣਾ ਕਿਲ੍ਹਾ ਵੀ ਲਿਖਦੇ ਸਨ। ਇਸ ਡਿਉਢੀ ’ਤੇ ਕੀਤੇ ਗਏ ਕਬਜ਼ਿਆਂ ਵਿੱਚੋਂ ਬਹੁਤੇ ਤਾਂ ਹਟਾ ਦਿੱਤੇ ਗਏ ਸਨ ਪਰ ਅਜੇ ਵੀ ਡਿਉਢੀ ਦੇ ਬਾਹਰਵਾਰ ਦਾ ਕਰੀਬ ਸਾਰਾ ਹਿੱਸਾ ਲੋਕਾਂ ਦੇ ਕਬਜ਼ੇ ਅਧੀਨ ਹੈ। ਪਿਛਲੇ ਕੁੱਝ ਸਾਲਾਂ ਦੌਰਾਨ  ਸਰਕਾਰ ਵੱਲੋਂ ਗੇਟ ਦੇ ਨੇੜੇ ਬਣੀ ਡਿਓਢੀ ਦੀ ਸੰਭਾਲ ਕੀਤੀ ਜਾ ਰਹੀ ਹੈ।

    ਦਰਵਾਜ਼ਾ ਰਾਮਬਾਗ਼
  2. ਹਾਲ ਗੇਟ: ਇਹ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਵਾਏ ਗੇਟਾਂ ਤੋਂ ਇਲਾਵਾ ਅੰਗਰੇਜ਼ਾਂ ਵੱਲੋਂ ਬਣਵਾਇਆ 13ਵਾਂ ਗੇਟ ਹੈ। ਸੰਨ 1876 ਵਿੱਚ ਕਰਨਲ ਸੀ.ਐੱਚ. ਹਾਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਆਪਣੇ ਨਾਂ ’ਤੇ ਤਿਆਰ ਕਰਵਾਇਆ ਸੀ। ਦਰਵਾਜ਼ਾ ਬਣਨ ਤੋਂ ਪਹਿਲਾਂ ਇੱਥੇ ਪੁਰਾਣੀ ਦੀਵਾਰ ਦਾ ਬੁਰਜ ਹੁੰਦਾ ਸੀ। ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਇਸਨੂੰ ਗਾਂਧੀ ਦਰਵਾਜ਼ੇ ਦੇ ਨਾਮ ਤੋਂ ਜਾਣਿਆ ਜਾਣ ਲੱਗਾ। ਇਹ ਵੀ ਕਿਹਾ ਜਾਂਦਾ ਹੈ ਲਈ ਇਸ ਗੇਟ ਧੇ ਅੰਦਰ ਉਸ ਵੇਲੇ ਜੇਲ ਵੀ ਹੁੰਦੀ ਸੀ।

    ਹਾਲ ਗੇਟ
  3. ਸਿਕੰਦਰੀ ਦਰਵਾਜ਼ਾ: ਇਹ ਦਰਵਾਜ਼ਾ ਹਾਲ ਗੇਟ ਅਤੇ ਹਾਥੀ ਗੇਟ ਦੇ ਵਿਚਕਾਰ ਨਵਾਂ ਰਸਤਾ ਕੱਢਣ ਲਈ 1940 ਵਿੱਚ ਸਰ ਸਿਕੰਦਰ ਹਯਾਤ ਖ਼ਾਂ ਦੇ ਨਾਂ ’ਤੇ ਬਣਾਇਆ ਗਿਆ, ਜੋ ਬਣਨ ਤੋਂ ਜਲਦ ਮਗਰੋਂ ਢਹਿ ਗਿਆ।
  4. ਹਾਥੀ ਗੇਟ: ਅੰਮ੍ਰਿਤਸਰ ਦੇ ਪੁਰਾਣੇ ਨਕਸ਼ਿਆਂ ਵਿੱਚ ਇਸ ਦਰਵਾਜ਼ੇ ਦਾ ਨਾਂ ਦਰਵਾਜ਼ਾ-ਏ-ਡਿਉਢੀ ਸ਼ਹਿਜ਼ਾਦਾ ਲਿਖਿਆ ਪੜ੍ਹਨ ਵਿੱਚ ਆਉਂਦਾ ਹੈ। ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਇਸ ਦਰਵਾਜ਼ੇ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਦੇ ਹਾਥੀ ਬੰਨ੍ਹੇ ਜਾਂਦੇ ਸਨ, ਜਿਸ ਕਰਕੇ ਇਸ ਦਰਵਾਜ਼ੇ ਦਾ ਨਾਂ ‘ਹਾਥੀ ਦਰਵਾਜ਼ਾ’ ਪਿਆ।

    ਲਾਹੌਰੀ ਦਰਵਾਜ਼ਾ
  5. ਲੋਹਗੜ੍ਹ ਦਰਵਾਜ਼ਾ: ਇਸ ਦਰਵਾਜ਼ੇ ਅੰਦਰ ਗੁਰੂ ਹਰਿਗੋਬਿੰਦ ਜੀ ਦੀ ਯਾਦਗਾਰ ਕਿਲ੍ਹਾ ਲੋਹਗੜ੍ਹ ਦੇ ਰੂਪ ਵਿੱਚ ਮੌਜੂਦ ਸੀ। ਮਹਾਰਾਜਾ ਰਣਜੀਤ ਸਿੰਘ ਸਮੇਂ ਬਣਿਆ ਇਹ ਦਰਵਾਜ਼ਾ ਹੁਣ ਅਲੋਪ ਹੋ ਚੁੱਕਾ ਹੈ।
  6. ਬੇਰੀ ਗੇਟ: 1876 ਵਿੱਚ ਦਰਵਾਜ਼ਾ ਲੋਹਗੜ੍ਹ ਅਤੇ ਦਰਵਾਜ਼ਾ ਲਾਹੌਰੀ ਦੇ ਵਿਚਕਾਰ ਰਸਤਾ ਦੇਣ ਲਈ ਬੇਰੀ ਗੇਟ ਬਣਾਇਆ ਗਿਆ। ਅੱਜ ਇਸ ਦਰਵਾਜ਼ੇ ਦਾ ਨਾਮੋ-ਨਿਸ਼ਾਨ ਵੀ ਨਹੀਂ ਹੈ।
  7. ਲਾਹੌਰੀ ਦਰਵਾਜ਼ਾ: ਲਾਹੌਰ ਨੂੰ ਰਾਜਧਾਨੀ ਬਣਾਉਣ ਵੇਲੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਤਿਆਰ ਕਰਵਾਏ ਗਏ ਦਰਵਾਜ਼ਿਆਂ ਵਿੱਚੋਂ ਇਹ ਇੱਕ ਪ੍ਰਮੁੱਖ ਦਵਾਰ ਹੈ। ਇਸਦੇ ਬਾਹਰ ਇੱਕ ਖੂਬਸੂਰਤ ਬਗੀਚਾ ਵੀ ਸੀ ਜੋ ਕਿ ਸਮੇਂ ਦੇ ਨਾਲ ਓਥੋਂ ਗਾਇਬ ਹੋ ਚੁੱਕਾ ਹੈ। ਬ੍ਰਿਟਿਸ਼ ਸ਼ਾਸਨ ਸਮੇਂ ਮਹਾਰਾਜੇ ਦਾ ਬਣਵਾਇਆ ਇਹ ਇਤਿਹਾਸਕ ਦਰਵਾਜ਼ਾ ਡੇਗ ਕੇ ਉਸੇ ਸਥਾਨ ’ਤੇ ਨਵਾਂ ਦਰਵਾਜ਼ਾ ਬਣਾਇਆ ਗਿਆ, ਜੋ ਅੱਜ ਵੀ ਮੌਜੂਦ ਹੈ।
  8. ਖ਼ਜ਼ਾਨਾ ਗੇਟ: ਖ਼ਜ਼ਾਨਾ ਨਾਮੀ ਮੁਸਲਮਾਨ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਨੌਕਰ ਸੀ, ਦਾ ਘਰ ਦਰਵਾਜ਼ੇ ਦੇ ਬਿਲਕੁਲ ਕੋਲ ਹੋਣ ਕਰਕੇ ਦਰਵਾਜ਼ੇ ਦਾ ਨਾਂ ਉਸ ਦੇ ਨਾਂ ਤੋਂ ਹੀ ਪ੍ਰਸਿੱਧ ਹੋ ਗਿਆ। ਹਾਲਾਂਕਿ ਇਸ ਗੇਟ ਬਾਰੇ ਕਈ ਲੋਕਾਂ ਦਾ ਮੰਨਣਾ ਹੈ ਕਿ ਇਹ ਗਏ ਮਹਾਰਾਜਾ ਰਣਜੀਤ ਸਿੰਘ ਦੇ ਖ਼ਜ਼ਾਨੇ ਵਾਲੇ ਪਾਸੇ ਜਾਂਦਾ ਸੀ। ਪਿਛਲੇ ਕਈ ਸਾਲਾਂ ਤੋਂ ਇਸ ਗੇਟ ਦੇ ਬਾਹਰ ਪ੍ਰਸ਼ਾਸ਼ਨ ਵੱਲੋਂ ਇੱਕ ਖ਼ਜ਼ਾਨੇ ਨਾਲ ਭਰਿਆ ਸੰਦੂਕ ਵੀ ਬਣਵਾਇਆ ਗਿਆ ਹੈ। ਅਸਲ ਵਿੱਚ ਇਹ ਗੇਟ ਅਮ੍ਰਿਤਸਰ ਤੋਂ ਕਸੂਰ ਨੂੰ ਜਾਣ ਵਾਲੀ ਸੜਕ ਤੇ ਬਣਾਇਆ ਗਿਆ ਸੀ।
    ਖ਼ਜ਼ਾਨਾ ਗੇਟ

    ਗੇਟ ਦੇ ਬਾਹਰ ਪ੍ਰਸ਼ਾਸ਼ਨ ਵੱਲੋਂ ਇੱਕ ਬਣਵਾਇਆ ਗਿਆ ਖ਼ਜ਼ਾਨੇ ਨਾਲ ਭਰਿਆ ਸੰਦੂਕ
  9. ਗੇਟ ਹਕੀਮਾਂ: ਇਸ ਗੇਟ ਦਾ ਨਿਰਮਾਣ ਮਹਾਰਾਜਾ ਦੇ ਦੋ ਸ਼ਾਹੀ ਹਕੀਮ ਨੂਰ-ਉੱਦ-ਦੀਨ ਅਤੇ ਚਿਰਾਗ-ਉੱਦ-ਦੀਨ ਦੀ ਦੇਖ ਰੇਖ ਵਿੱਚ ਕੀਤਾ ਗਿਆ ਸੀ ਜੋ ਹਕੀਮ ਨੂਰੁੱਦੀਨ ਅਤੇ ਚਰਾਗ਼ਦੀਨ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਹ ਦੋਵੇਂ ਮਹਾਰਾਜਾ ਦੇ ਵਿਦੇਸ਼ ਮੰਤਰੀ ਫ਼ਕੀਰ ਅਜੀਜ਼ੁੱਦੀਨ ਦੇ ਪੁੱਤਰ ਸਨ। ਇਸ ਨੂੰ ‘ਮਾਝੇ ਵਾਲਾ ਦਰਵਾਜ਼ਾ’ ਵੀ ਕਿਹਾ ਜਾਂਦਾ ਸੀ।
    ਗੇਟ ਹਕੀਮਾਂ

     

  10. ਭਗਤਾਂ ਵਾਲਾ ਗੇਟ (ਅਲੋਪ ਹੋ ਚੁੱਕਾ ਗੇਟ): ਖ਼ਾਲਸਾ ਰਾਜ ਦੇ ਸਮੇਂ ਇਸ ਦਰਵਾਜ਼ੇ ਦਾ ਨਾਂ ਦਰਵਾਜ਼ਾ-ਏ-ਡਿਉਢੀ ਰੰਗੜ ਨੰਗਲੀਆਂ ਸੀ। ਵਰਤਮਾਨ ਵਿੱਚ ਇਸ ਥਾਂ ਤੇ ਕੋਈ ਗੇਟ ਨਹੀਂ ਹੈ। ਗੇਟ ਦੇ ਬਾਹਰ ਇੱਕ ਰੇਲਵੇ ਸਟੇਸ਼ਨ 1908 ਵਿੱਚ ਬਣਵਾਇਆ ਗਿਆ ਸੀ, ਜਿਸਨੂੰ ਭਗਤਾਂ ਵਾਲਾ ਸਟੇਸ਼ਨ ਕਿਹਾ ਜਾਂਦਾ ਹੈ।
  11. ਦਰਵਾਜ਼ਾ ਗਿਲਵਾਲੀ: ਇਸ ਦਰਵਾਜ਼ੇਂ ਤੋਂ ਸਿੱਧਾ ਰਸਤਾ ਪਿੰਡ ਗਿਲਵਾਲੀ ਤਕ ਜਾਂਦਾ ਹੋਣ ਕਰਕੇ ਇਸ ਦਾ ਨਾਂ ਦਰਵਾਜ਼ਾ ਗਿਲਵਾਲੀ ਪਿਆ। ਮਹਾਰਾਜਾ ਦੁਆਰਾ ਬਣਾਇਆ ਇਹ ਇਤਿਹਾਸਕ ਦਰਵਾਜ਼ਾ ਲੋਪ ਹੋ ਚੁੱਕਾ ਹੈ।
  12. ਦਰਵਾਜ਼ਾ ਚਾਟੀਵਿੰਡ: ਅਮ੍ਰਿਤਸਰ ਤੋਂ ਤਰਨ ਤਾਰਨ ਵਾਲੇ ਪਾਸੇ ਇਸ ਗੇਟ ਦਾ ਨਾਮ ਇਸ ਕਰਕੇ ਇਹ ਰੱਖਿਆ ਗਿਆ ਸੀ ਕਿ ਅਮ੍ਰਿਤਸਰ ਤੋਂ ਤਰਨ ਤਾਰਨ ਵੱਲ ਜਾਂਦੀਆਂ ਸਬ ਤੋਂ ਪਹਿਲਾ ਵੱਡਾ ਪਿੰਡ ਚਾਟੀਵਿੰਡ ਸੀ, ਪਰ ਇਸ ਗੇਟ ਦੇ ਢਹਿ ਜਾਣ ਮਗਰੋਂ ਇਸਨੂੰ ਰਾਮਗੜੀਆ ਬਰਾਦਰੀ ਵੱਲੋਂ ਮੁੜ ਬਣਵਾਇਆ ਗਿਆ ਸੀ ਅਤੇ ਹੁਣ ਇਸਨੂੰ ਰਾਮਗੜੀਆ ਗੇਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
    ਦਰਵਾਜ਼ਾ ਚਾਟੀਵਿੰਡ

     

  13. ਸੁਲਤਾਨਵਿੰਡ ਗੇਟ: ਆਰ.ਐੱਚ. ਡੇਵਿਸ ਅਤੇ ਅਲਾਉਦੀਨ ‘ਇਬਾਰਤਨਾਮਾ’ ਦੇ ਸਫ਼ਾ 86 ’ਤੇ ਲਿਖਦੇ ਹਨ ਕਿ ਇਹ ਦਰਵਾਜ਼ਾ ਤੋਪਾਂ ਵਾਲਾ ਦਰਵਾਜ਼ਾ, ਦਰਵਾਜ਼ਾ-ਏ-ਦੋਬੁਰਜੀ ਅਤੇ ਦਰਵਾਜ਼ਾ-ਏ-ਦਿੱਲੀ ਨਾਵਾਂ ਨਾਲ ਵੀ ਪ੍ਰਸਿੱਧ ਸੀ। ਇੱਥੋਂ ਸਿੱਧਾ ਰਸਤਾ ਦੋਬੁਰਜੀ ਨੂੰ ਜਾਣ ਕਰਕੇ ਇਸ ਦਾ ਨਾਂ ‘ਦਰਵਾਜ਼ਾ-ਏ-ਦੋਬੁਰਜੀ’ ਪਿਆ। ਇਸ ਦਰਵਾਜ਼ੇ ’ਤੇ ਦੋ-ਤਿੰਨ ਵੱਡੀਆਂ ਤੋਪਾਂ ਰੱਖੀਆਂ ਹੋਣ ਕਰਕੇ ਇਸ ਨੂੰ ‘ਦਰਵਾਜ਼ਾ-ਏ-ਤੋਪ’ ਵਾਲਾ ਕਿਹਾ ਜਾਂਦਾ ਸੀ। ਬ੍ਰਿਟਿਸ਼ਰਜ਼ ਦੁਆਰਾ ਪੁਰਾਣੇ ਦਰਵਾਜ਼ੇ ਨੂੰ ਢਾਹ ਕੇ ਬਣਾਏ ਗਏ ਨਵੇਂ ਦਰਵਾਜ਼ੇ ਦੀਆਂ ਬੁਰਜੀਆਂ ਅੱਜ ਵੀ ਮੌਜੂਦ ਹਨ। ਇਹ ਗੇਟ ਸ਼ਹਿਰ ਨੂੰ ਸੁਲਤਾਨਵਿੰਡ, ਵੇਰਕਾ ਅਤੇ ਦੁਬੁਰਜੀ ਅਤੇ ਮੁੱਖ ਸੜਕ ਤੋਂ ਜੰਡਿਆਲਾ ਨਾਲ ਜੋੜਦਾ ਸੀ।

    ਸੁਲਤਾਨਵਿੰਡ ਗੇਟ
  14. ਦਰਵਾਜ਼ਾ ਘਿਉ ਮੰਡੀ: ਇਸ ਦਰਵਾਜ਼ੇ ਦਾ ਪੁਰਾਣਾ ਨਾਂ ਦਰਵਾਜ਼ਾ-ਏ-ਆਹਲੂਵਾਲੀਆ ਸੀ ਕਿਉਂਕਿ ਇਥੋਂ ਸਿੱਧਾ ਰਸਤਾ ਕਟੜਾ ਆਹਲੂਵਾਲੀਆ ਨੂੰ ਜਾਂਦਾ ਸੀ। ਮਹਾਰਾਜਾ ਦੇ ਸ਼ਾਸ਼ਨਕਾਲ ਦੌਰਾਨ ਗੇਟ ਨੂੰ ਆਹਲੂਵਾਲੀਆ ਸਰਦਾਰਾਂ ਦੇ ਨਾਮ ਤੋਂ ਜਾਣਿਆ ਜਾਂਦਾ ਸੀ। ਇਸ ਦਰਵਾਜ਼ੇ ਵਿੱਚ ਬਣੇ ਬਾਜ਼ਾਰ ਵਿੱਚ ਬ੍ਰਿਟਿਸ਼ ਸ਼ਾਸਨ ਸਮੇਂ ਘਿਉ-ਤੇਲ ਦੀ ਮੰਡੀ ਹੋਣ ਕਰਕੇ ਇਸ ਦਾ ਨਾਂ ਦਰਵਾਜ਼ਾ ਘਿਉ ਮੰਡੀ ਪ੍ਰਸਿੱਧ ਹੋ ਗਿਆ। ਇਹ ਦਰਵਾਜ਼ਾ ਵੀ ਲੋਪ ਹੋ ਚੁੱਕਾ ਹੈ।

    ਦਰਵਾਜ਼ਾ ਘਿਉ ਮੰਡੀ
  15. ਮਹਾਂ ਸਿੰਘ ਗੇਟ: ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦੇ ਨਾਂ ’ਤੇ ਬਣਾਏ ਇਸ ਦਰਵਾਜ਼ੇ ਦਾ ਨਾਂ ਦਰਵਾਜ਼ਾ-ਏ-ਡਿਉਢੀ ਕਲਾਂ ਵੀ ਪੜ੍ਹਨ ਨੂੰ ਮਿਲਦਾ ਹੈ। ਬ੍ਰਿਟਿਸ਼ ਸ਼ਾਸਨ ਦੁਆਰਾ ਇਹ ਦਰਵਾਜ਼ਾ ਬਾਕੀ ਸਭ ਇਤਿਹਾਸਕ ਦਰਵਾਜ਼ਿਆਂ ਤੋਂ ਬਾਅਦ 1892 ਵਿੱਚ ਡੇਗਿਆ ਗਿਆ।
  16. ਲੋਹਗੜ੍ਹ ਗੇਟ: ਇਸ ਗੇਟ ਤੋਂ ਸ਼ੁਰੂ ਹੋਣ ਵਾਲੀ ਸੜਕ ਨੇੜਲੇ ਕਸਬੇ ਮਜੀਠਾ, ਫਤਹਿਗੜ੍ਹ ਚੂੜੀਆਂ ਵਾਲੇ ਪਾਸੇ ਜਾਂਦੀ ਸੀ। ਕਿਲ੍ਹਾ ਗੋਬਿੰਦਗੜ੍ਹ ਇਸ ਵੇਲੇ ਸ਼ਹਿਰ ਦੀ ਚਾਰ ਦੀਵਾਰੀ ਤੋਂ ਬਾਹਰ ਇਕਲੌਤਾ ਕਿਲ੍ਹਾ ਸੀ। ਇਹ ਰਸਤਾ ਸ਼ਹਿਰ ਨੂੰ ਗੁੱਜਰਾਂਵਾਲਾ ਅਤੇ ਸਿਆਲਕੋਟ ਨਾਲ ਜੋੜਦਾ ਸੀ।