ਪੰਜਾਬ ਸਰਕਾਰ ਵੱਲੋਂ ਪਨਬੱਸ ਲਈ ਕਿਲੋਮੀਟਰ ਸਕੀਮ ਤਹਿਤ ਨਿੱਜੀ ਬੱਸਾਂ ਦੇ ਟੈਂਡਰ ਖੋਲ੍ਹਣ ਦੇ ਫੈਸਲੇ ਖ਼ਿਲਾਫ ਪਨਬੱਸ ਤੇ ਪੀਆਰਟੀਸੀ ਮੁਲਾਜ਼ਮਾਂ ਦਾ ਗੁੱਸਾ ਅੱਜ ਸਿਖਰ ’ਤੇ ਪਹੁੰਚ ਗਿਆ। ਯੂਨੀਅਨਾਂ ਨੇ ਇਸ ਨੂੰ ਟਰਾਂਸਪੋਰਟ ਵਿਭਾਗ ਦੇ ਨਿੱਜੀਕਰਨ ਵੱਲ ਵੱਡਾ ਕਦਮ ਦੱਸਿਆ ਹੈ।
ਕੱਲ੍ਹ ਸ਼ਾਮ ਤੋਂ ਸ਼ੁਰੂ ਹੋਈਆਂ ਗ੍ਰਿਫ਼ਤਾਰੀਆਂ ਅੱਜ ਸਵੇਰ ਤੱਕ ਜਾਰੀ ਰਹੀਆਂ। ਪੁਲਿਸ ਨੇ 20 ਤੋਂ ਵੱਧ ਮੁੱਖ ਯੂਨੀਅਨ ਆਗੂਆਂ ਨੂੰ ਚੁੱਕ ਲਿਆ, ਜਿਨ੍ਹਾਂ ਵਿੱਚ ਸੂਬਾ ਸੰਯੁਕਤ ਸਕੱਕਤਰ ਜੋਧ ਸਿੰਘ, ਜਨਰਲ ਸੱਕਤਰ ਸ਼ਮਸ਼ੇਰ ਸਿੰਘ ਢਿੱਲੋਂ, ਬਲਜੀਤ ਸਿੰਘ ਗਿੱਲ, ਬਲਵਿੰਦਰ ਸਿੰਘ ਰੈਟ, ਗੁਰਪ੍ਰੀਤ ਸਿੰਘ ਮੁਕਤਸਰ, ਬਰਨਾਲਾ ਤੇ ਫਰੀਦਕੋਟ ਡਿਪੂਆਂ ਦੇ ਆਗੂ ਤੇ ਸ੍ਰੀ ਮੁਕਤਸਰ ਸਾਹਿਬ ਪ੍ਰਤੀਨਿਧ ਸ਼ਾਮਲ ਹਨ।
ਗ੍ਰਿਫ਼ਤਾਰੀਆਂ ਦੇ ਵਿਰੋਧ ਵਿੱਚ ਪਨਬੱਸ ਤੇ ਪੀਆਰਟੀਸੀ ਦੀਆਂ ਸਾਂਝੀਆਂ ਯੂਨੀਅਨਾਂ ਨੇ ਪੰਜਾਬ ਭਰ ਵਿੱਚ ਸਾਰੇ ਡਿਪੂ ਬੰਦ ਕਰਨ ਦਾ ਐਲਾਨ ਕੀਤਾ। ਨਤੀਜੇ ਵਜੋਂ ਅੱਜ ਸੂਬੇ ਦੀਆਂ ਸਰਕਾਰੀ ਬੱਸ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋ ਗਈਆਂ।
ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਅੰਦੋਲਨ ਨੂੰ ਕੁਚਲਣ ਲਈ ਪਹਿਲਾਂ ਹੀ ਮੁੱਖ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ, ਪਰ ਇਸ ਨਾਲ ਮੁਲਾਜ਼ਮਾਂ ਦਾ ਗੁੱਸਾ ਹੋਰ ਭੜਕ ਗਿਆ ਹੈ।ਯੂਨੀਅਨਾਂ ਨੇ ਸਪੱਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਗ੍ਰਿਫ਼ਤਾਰ ਸਾਰੇ ਆਗੂਆਂ ਨੂੰ ਤੁਰੰਤ ਰਿਹਾਅ ਨਹੀਂ ਕੀਤਾ ਗਿਆ ਤਾਂ ਪੰਜਾਬ ਪੱਧਰ ’ਤੇ ਹੋਰ ਸਖ਼ਤ ਅਤੇ ਲੰਮਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

