India International Punjab

ਸਰਬਜੀਤ ਕੌਰ ਦੀ ‘ਗ੍ਰਿਫ਼ਤਾਰੀ’ ਲਈ ਲਾਹੌਰ ਹਾਈ ਕੋਰਟ ‘ਪਟੀਸ਼ਨ ਦਾਇਰ, ਗ੍ਰਿਫ਼ਤਾਰੀ ਤੇ ਵਾਪਸੀ ਦੀ ਕੀਤੀ ਮੰਗ

ਲਾਹੌਰ : ਪਾਕਿਸਤਾਨ ਦੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਿੱਖ ਮੈਂਬਰ ਰਮੇਸ਼ ਸਿੰਘ ਅਰੋੜਾ ਤੇ ਮਹਿੰਦਰ ਪਾਲ ਸਿੰਘ ਨੇ ਬੁੱਧਵਾਰ ਨੂੰ ਲਾਹੌਰ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਭਾਰਤੀ ਸਿੱਖ ਔਰਤ ਸਰਬਜੀਤ ਕੌਰ (48) ਨੂੰ “ਗ੍ਰਿਫ਼ਤਾਰ ਕਰਕੇ ਭਾਰਤ ਵਾਪਸ ਭੇਜਣ” ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਬਜੀਤ ਕੌਰ ਸੰਭਾਵੀ ਤੌਰ ’ਤੇ ਭਾਰਤੀ ਜਾਸੂਸ ਹੈ ਅਤੇ ਉਸ ਦਾ ਅਪਰਾਧਿਕ ਰਿਕਾਰਡ ਹੋਣ ਦੇ ਬਾਵਜੂਦ ਭਾਰਤ ਸਰਕਾਰ ਨੇ ਉਸ ਨੂੰ ਪਾਕਿਸਤਾਨ ਆਉਣ ਦੀ ਇਜਾਜ਼ਤ ਦਿੱਤੀ।

ਸਰਬਜੀਤ ਕੌਰ ਇਸ ਮਹੀਨੇ ਦੇ ਸ਼ੁਰੂ ਵਿੱਚ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਮੌਕੇ 2,000 ਭਾਰਤੀ ਸਿੱਖ ਯਾਤਰੀਆਂ ਦੇ ਜਥੇ ਵਿੱਚ ਵਾਹਗਾ ਰਾਹੀਂ ਪਾਕਿਸਤਾਨ ਆਈ ਸੀ। ਜਥਾ 13 ਨਵੰਬਰ ਨੂੰ ਵਾਪਸ ਭਾਰਤ ਚਲਾ ਗਿਆ ਪਰ ਸਰਬਜੀਤ ਗ਼ਾਇਬ ਹੋ ਗਈ। ਬਾਅਦ ਵਿੱਚ ਪਤਾ ਲੱਗਾ ਕਿ ਉਹ 4 ਨਵੰਬਰ ਨੂੰ ਹੀ ਲਾਹੌਰ ਤੋਂ 50 ਕਿਲੋਮੀਟਰ ਦੂਰ ਸ਼ੇਖੂਪੁਰਾ ਜ਼ਿਲ੍ਹੇ ਵਿੱਚ ਨਾਸਿਰ ਹੁਸੈਨ ਨਾਲ ਨਿਕਾਹ ਕਰਵਾ ਕੇ ਉਸ ਦੇ ਘਰ ਚਲੀ ਗਈ ਸੀ।

ਨਿਕਾਹ ਤੋਂ ਪਹਿਲਾਂ ਉਸ ਨੂੰ ਮੁਸਲਿਮ ਨਾਂ “ਨੂਰ” ਦਿੱਤਾ ਗਿਆ। ਸਰਬਜੀਤ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿੱਚ ਕਿਹਾ ਕਿ ਉਹ ਪਿਛਲੇ ਨੌਂ ਸਾਲਾਂ ਤੋਂ ਨਾਸਿਰ ਹੁਸੈਨ ਨਾਲ ਫੇਸਬੁੱਕ ਰਾਹੀਂ ਜਾਣਦੀ ਹੈ, ਉਹ ਤਲਾਕਸ਼ੁਦਾ ਹੈ ਤੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਹੈ। ਉਸ ਨੇ ਦੱਸਿਆ ਕਿ ਉਹ ਪਾਕਿਸਤਾਨ ਵਿੱਚ ਹੀ ਰਹਿਣਾ ਚਾਹੁੰਦੀ ਹੈ, ਵੀਜ਼ਾ ਵਧਾਉਣ ਅਤੇ ਨਾਗਰਿਕਤਾ ਲਈ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਹੋਇਆ ਹੈ।

ਇਸੇ ਮਹੀਨੇ ਸਰਬਜੀਤ ਕੌਰ ਤੇ ਨਾਸਿਰ ਹੁਸੈਨ ਨੇ ਲਾਹੌਰ ਹਾਈਕੋਰਟ ਵਿੱਚ ਵੱਖਰੀ ਪਟੀਸ਼ਨ ਦਾਇਰ ਕਰਕੇ ਦੋਸ਼ ਲਾਇਆ ਸੀ ਕਿ ਸ਼ੇਖੂਪੁਰਾ ਪੁਲਿਸ ਨੇ ਉਨ੍ਹਾਂ ਦੇ ਘਰ ਛਾਪਾ ਮਾਰਿਆ ਤੇ ਨਿਕਾਹ ਤੋੜਨ ਲਈ ਦਬਾਅ ਪਾਇਆ। ਜਸਟਿਸ ਫਾਰੂਖ ਹੈਦਰ ਨੇ ਪੁਲਿਸ ਨੂੰ ਜੋੜੇ ਨੂੰ ਤੰਗ-ਪ੍ਰੇਸ਼ਾਨ ਨਾ ਕਰਨ ਦੇ ਹੁਕਮ ਦਿੱਤੇ ਸਨ।

ਹੁਣ ਸਾਬਕਾ ਵਿਧਾਇਕ ਮਹਿੰਦਰ ਪਾਲ ਸਿੰਘ ਨੇ ਨਵੀਂ ਪਟੀਸ਼ਨ ਵਿੱਚ ਕਿਹਾ ਹੈ ਕਿ ਵੀਜ਼ਾ ਮਿਆਦ ਪੁੱਗਣ ਤੋਂ ਬਾਅਦ ਪਾਕਿਸਤਾਨ ਵਿੱਚ ਰਹਿਣਾ ਗੈਰ-ਕਾਨੂੰਨੀ ਹੈ ਅਤੇ ਇਹ ਮਾਮਲਾ ਪਾਕਿਸਤਾਨ ਦੀ ਕੌਮੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਅਦਾਲਤ ਤੋਂ ਮੰਗ ਕੀਤੀ ਕਿ ਸਰਬਜੀਤ ਕੌਰ ਨੂੰ ਗ੍ਰਿਫ਼ਤਾਰ ਕਰਕੇ ਭਾਰਤ ਵਾਪਸ ਭੇਜਿਆ ਜਾਵੇ।ਮਾਮਲਾ ਹੁਣ ਲਾਹੌਰ ਹਾਈਕੋਰਟ ਵਿੱਚ ਵਿਚਾਰ ਅਧੀਨ ਹੈ।