India International Punjab

ਬਰੈਂਪਟਨ ਅੱਗ ਕਾਂਡ: ਲੁਧਿਆਣਾ ਦੇ ਗੁਰਮ ਪਿੰਡ ਦਾ ਪੂਰਾ ਪਰਿਵਾਰ ਜ਼ਿੰਦਾ ਸੜਿਆ

ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੁਰਮ ਦੇ ਇੱਕ ਪਰਿਵਾਰ ਦੇ ਚਾਰ ਮੈਂਬਰ ਜ਼ਿੰਦਾ ਸੜ ਕੇ ਮਰ ਗਏ। ਇਹ ਦਰਦਨਾਕ ਹਾਦਸਾ ਲਗਭਗ ਇੱਕ ਹਫ਼ਤਾ ਪਹਿਲਾਂ ਵਾਪਰਿਆ, ਜਿਸ ਦੀ ਵੀਡੀਓ ਹੁਣ ਸਾਹਮਣੇ ਆਈ ਹੈ। ਘਰ ਵਿੱਚ ਅਚਾਨਕ ਲੱਗੀ ਭਿਆਨਕ ਅੱਗ ਨੇ ਪੂਰੇ ਪਰਿਵਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਮ੍ਰਿਤਕਾਂ ਵਿੱਚ ਹਰਿੰਦਰ ਕੌਰ, ਉਨ੍ਹਾਂ ਦੀ ਬੇਟੀ ਅਨੂ, ਗੁਰਜੀਤ ਕੌਰ ਤੇ ਇੱਕ 2 ਸਾਲ ਦਾ ਮਾਸੂਮ ਬੱਚਾ ਸ਼ਾਮਲ ਹੈ। ਪਰਿਵਾਰ ਦਾ ਮੁਖੀ ਜੁਗਰਾਜ ਸਿੰਘ ਤੇ ਉਸ ਦੀ ਪਤਨੀ ਅਰਸ਼ਵੀਰ ਕੌਰ ਤਾਂ ਕਿਸੇ ਤਰ੍ਹਾਂ ਖਿੜਕੀ ’ਚੋਂ ਛਾਲ ਮਾਰ ਕੇ ਜਾਨ ਬਚਾ ਲਈ, ਪਰ ਅਰਸ਼ਵੀਰ ਦੇ ਗਰਭ ਵਿੱਚ ਪਲ ਰਿਹਾ ਅਣਜੰਮਿਆ ਬੱਚਾ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ।

ਇਹ ਪਰਿਵਾਰ ਕਈ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ। ਬਿਹਤਰ ਭਵਿੱਖ ਦੀ ਆਸ ਵਿੱਚ ਵਿਦੇਸ਼ ਗਏ ਇਸ ਪਰਿਵਾਰ ਦੇ ਸੁਪਨੇ ਇੱਕੋ ਪਲ ਵਿੱਚ ਸੁਆਹ ਹੋ ਗਏ। ਜਦੋਂ ਖ਼ਬਰ ਪਿੰਡ ਗੁਰਮ ਪਹੁੰਚੀ ਤਾਂ ਪੂਰੇ ਇਲਾਕੇ ਵਿੱਚ ਮਾਤਮ ਛਾ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਰਿਵਾਰ ਦੇ ਜ਼ਿਆਦਾਤਰ ਰਿਸ਼ਤੇਦਾਰ ਵੀ ਕੈਨੇਡਾ ਹੀ ਰਹਿੰਦੇ ਹਨ। ਖ਼ਬਰ ਮਿਲਦਿਆਂ ਹੀ ਪੰਜਾਬ ’ਚ ਰਹਿੰਦੇ ਰਿਸ਼ਤੇਦਾਰ ਵੀ ਬਰੈਂਪਟਨ ਲਈ ਰਵਾਨਾ ਹੋ ਗਏ।