ਤਰਨਤਾਰਨ ਦੇ ਪਿੰਡ ਖਡੂਰ ਸਾਹਿਬ ਵਿੱਚ 35 ਸਾਲਾ ਸਰਕਾਰੀ ਸਕੂਲ ਅਧਿਆਪਕਾ ਜਸਪਾਲ ਕੌਰ ਨੂੰ ਉਸਦੇ ਪਤੀ ਅਮਰਬੀਰ ਸਿੰਘ ਨੇ ਕੁਹਾੜੀ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ। ਜਸਪਾਲ ਕੌਰ ਦਾ 11 ਸਾਲ ਦਾ ਪੁੱਤਰ ਵੀ ਹੈ। ਕਤਲ ਤੋਂ ਬਾਅਦ ਅਮਰਬੀਰ ਨੇ ਸਹੁਰਿਆਂ ਨੂੰ ਫ਼ੋਨ ਕਰਕੇ ਕਿਹਾ ਕਿ ਜਸਪਾਲ ਦੀ ਮੌਤ ਹੋ ਗਈ ਹੈ। ਜਦੋਂ ਪਰਿਵਾਰ ਪਹੁੰਚਿਆ ਤਾਂ ਜਸਪਾਲ ਦੀ ਖੂਨ ਨਾਲ ਲੱਥਪੱਥ ਲਾਸ਼ ਬਿਸਤਰੇ ’ਤੇ ਪਈ ਸੀ।
ਪੁਲਿਸ ਨੇ ਅਮਰਬੀਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਖੂਨਾਲੂਦ ਕੁਹਾੜੀ ਜ਼ਬਤ ਕਰ ਲਈ।ਮ੍ਰਿਤਕਾ ਦੀ ਮਾਂ ਨੇ ਦੋਸ਼ ਲਾਇਆ ਕਿ ਅਮਰਬੀਰ ਅਤੇ ਉਸਦੇ ਮਾਤਾ-ਪਿਤਾ ਨੇ ਮਿਲ ਕੇ ਧੀ ਨੂੰ ਪਹਿਲਾਂ ਕੁੱਟਿਆ, ਫਿਰ ਯੋਜਨਾਬੱਧ ਤਰੀਕੇ ਨਾਲ ਮਾਰ ਦਿੱਤਾ। ਉਹ ਅਕਸਰ ਝਗੜੇ ਕਰਦਾ ਅਤੇ ਮਾਰਦਾ-ਕੁੱਟਦਾ ਸੀ। ਪਰਿਵਾਰ ਨੇ ਸਹੁਰੇ ਪਰਿਵਾਰ ਨੂੰ ਵੀ ਸਾਜ਼ਿਸ਼ ਵਿੱਚ ਸ਼ਾਮਲ ਦੱਸਿਆ। ਪੁਲਿਸ ਨੇ ਅਮਰਬੀਰ ਦੇ ਮਾਤਾ-ਪਿਤਾ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਪੁੱਛਗਿੱਛ ਜਾਰੀ ਹੈ।
ਘਰ ਦੇ ਸੀਸੀਟੀਵੀ ਕੈਮਰੇ 17 ਨਵੰਬਰ ਤੋਂ ਬੰਦ ਸਨ ਅਤੇ ਕਤਲ ਵਾਲੀ ਰਾਤ (20-21 ਨਵੰਬਰ) ਨੂੰ ਵੀ ਬੰਦ ਰੱਖੇ ਗਏ। ਪੁਲਿਸ ਨੇ ਡੀਵੀਆਰ ਜ਼ਬਤ ਕਰਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ। ਜੇਕਰ ਡੇਟਾ ਡਿਲੀਟ ਜਾਂ ਸਾਜ਼ਿਸ਼ ਦਾ ਸਬੂਤ ਮਿਲਿਆ ਤਾਂ ਸਹੁਰਿਆਂ ਵਿਰੁੱਧ ਵੀ ਕੇਸ ਵਧਾਇਆ ਜਾਵੇਗਾ।
ਅਧਿਆਪਕਾ ਦਾ ਰਿਸ਼ਤੇਦਾਰ ਕਿਸਾਨ ਆਗੂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਾਰੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਹੋਈ ਤਾਂ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਪਰਿਵਾਰ ਨੇ ਸਾਰੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ।

