India

ਬੱਚੇ ਦੀ ਅੱਖ ’ਤੇ ਲੱਗੀ ਸੱਟ ਨੂੰ ਡਾਕਟਰਾਂ ਨੇ ਟਾਂਕਿਆਂ ਦੀ ਬਜਾਏ ਫੈਵੀਕਵਿੱਕ ਨਾਲ ਜੋੜਿਆ

ਬਿਊਰੋ ਰਿਪੋਰਟ (21 ਨਵੰਬਰ, 2025): ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਵਿੱਚ ਇੱਕ ਢਾਈ ਸਾਲਾਂ ਦੇ ਬੱਚੇ ਨਾਲ ਹੈਰਾਨ ਕਰਨ ਵਾਲੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਨੂੰ ਘਰ ਵਿੱਚ ਖੇਡਦੇ ਸਮੇਂ ਮੇਜ਼ ਦਾ ਕੋਨਾ ਅੱਖ ਦੇ ਉੱਪਰ ਲੱਗ ਗਿਆ, ਜਿਸ ਕਾਰਨ ਆਈਬ੍ਰੋ ਦੇ ਹੇਠਾਂ ਤੋਂ ਖੂਨ ਵਗਣ ਲੱਗਾ।

ਮਾਪੇ ਬੱਚੇ ਨੂੰ ਭਾਗਿਆਸ਼੍ਰੀ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਟਾਂਕੇ ਲਗਾਉਣ ਦੀ ਬਜਾਏ ਜ਼ਖ਼ਮ ਨੂੰ ਫੇਵੀਕਵਿੱਕ (Fevikwik) ਨਾਲ ਚਿਪਕਾ ਦਿੱਤਾ। ਇਸ ਕਾਰਨ ਬੱਚੇ ਨੂੰ ਲਗਭਗ 12 ਘੰਟੇ ਤੱਕ ਅਸਹਿ ਦਰਦ ਝੱਲਣਾ ਪਿਆ।

ਫੈਵੀਕਵਿੱਕ ਹਟਾਉਣ ’ਚ ਲੱਗੇ 3 ਘੰਟੇ

ਬੱਚੇ ਦੀ ਹਾਲਤ ਵਿਗੜਨ ’ਤੇ ਪਰਿਵਾਰ ਉਸਨੂੰ ਦੂਜੇ ਹਸਪਤਾਲ ਲੈ ਗਿਆ, ਜਿੱਥੇ ਪਹਿਲਾਂ ਲਗਾਈ ਗਈ ਫੈਵੀਕਵਿੱਕ ਨੂੰ ਹਟਾਉਣ ਵਿੱਚ ਡਾਕਟਰਾਂ ਨੂੰ 3 ਘੰਟੇ ਲੱਗ ਗਏ। ਇਸ ਤੋਂ ਬਾਅਦ ਡਾਕਟਰਾਂ ਨੇ ਜ਼ਖ਼ਮ ਨੂੰ ਚੰਗੀ ਤਰ੍ਹਾਂ ਖੋਲ੍ਹ ਕੇ 5 ਟਾਂਕੇ ਲਗਾਏ।

CMO ਨੇ ਗਠਿਤ ਕੀਤੀ ਜਾਂਚ ਟੀਮ

ਇਸ ਮਾਮਲੇ ਵਿੱਚ ਮਾਪਿਆਂ ਨੇ ਜ਼ਿਲ੍ਹੇ ਦੇ ਮੁੱਖ ਮੈਡੀਕਲ ਅਫਸਰ (CMO) ਕੋਲ ਘਟਨਾ ਦੀ ਸ਼ਿਕਾਇਤ ਦਰਜ ਕਰਵਾਈ ਹੈ। CMO ਨੇ ਤੁਰੰਤ ਇਸ ਮਾਮਲੇ ਦੀ ਜਾਂਚ ਲਈ ਡਿਪਟੀ ਸੀਐੱਮਓ ਅਤੇ ਇੱਕ ਸਰਜਨ ਸਮੇਤ ਦੋ ਮੈਂਬਰੀ ਟੀਮ ਦਾ ਗਠਨ ਕੀਤਾ ਹੈ, ਜੋ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਤੋਂ ਪੁੱਛਗਿੱਛ ਕਰੇਗੀ।

ਹਸਪਤਾਲ ਦੇ ਡਾਇਰੈਕਟਰ ਦਾ ਬਿਆਨ

ਇਸੇ ਦੌਰਾਨ, ਭਾਗਿਆਸ਼੍ਰੀ ਹਸਪਤਾਲ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਮਾਪੇ ਝੂਠ ਬੋਲ ਰਹੇ ਹਨ ਅਤੇ ਬੱਚੇ ਨੂੰ ਫੈਵੀਕਵਿੱਕ ਨਹੀਂ, ਬਲਕਿ ਮੈਡੀਕਲ ਗਲੂ ਲਗਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸ ਦਿਨ ਹਸਪਤਾਲ ਵਿੱਚ ਸੋਨੀ ਨਾਮ ਦੇ ਟੈਕਨੀਸ਼ੀਅਨ ਨੇ ਬੱਚੇ ਦਾ ਇਲਾਜ ਕੀਤਾ ਸੀ, ਜਿਸ ਨੂੰ ਫਿਲਹਾਲ ਮੁਅੱਤਲ (ਸਸਪੈਂਡ) ਕਰ ਦਿੱਤਾ ਗਿਆ ਹੈ।