Punjab

ਆਪ MLA ਦੀ ਕਾਂਗਰਸੀਆਂ ਨੂੰ ਤਾੜਨਾ! “ਉਂਗਲ ਵੱਢ ਕੇ ਰੱਖ ਦਿਆਂਗੇ” ਕਾਂਗਰਸ ਨੇ ਦਿੱਤਾ ਕਰਾਰਾ ਜਵਾਬ

ਬਿਊਰੋ ਰਿਪੋਰਟ (21 ਨਵੰਬਰ 2025): ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਜਦੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਜਨਤਕ ਕੀਤੀ। ਖਹਿਰਾ ਨੇ ਇਸ ਵੀਡੀਓ ਰਾਹੀਂ ‘ਆਪ’ ਵਿਧਾਇਕ ਦੀ ਸ਼ਬਦਾਵਲੀ ’ਤੇ ਸਖ਼ਤ ਇਤਰਾਜ਼ ਜਤਾਇਆ ਹੈ।

ਕੀ ਹੈ ਮਾਮਲਾ?

ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਕਥਿਤ ਤੌਰ ’ਤੇ ਕਾਂਗਰਸੀ ਵਰਕਰਾਂ ਨੂੰ ਚਿਤਾਵਨੀ ਦਿੰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਉਹ ਕਹਿ ਰਹੇ ਹਨ:

“ਮੈਂ ਕਾਂਗਰਸੀਆਂ ਨੂੰ ਤਾੜਨਾ ਕਰਦਾ ਕਿ ਸਾਡੇ ਕਿਸੇ ਵਲੰਟੀਅਰ ਵੱਲ ਜੇ ਕੋਈ ਉਂਗਲ ਵੀ ਕੀਤੀ ਆ, ਤਾਂ ਉਂਗਲ ਵੱਢ ਕੇ ਰੱਖ ਦਿਆਂਗੇ। ਜੇ ਕਿਸੇ ਨੇ ਅੱਖ ਕਰਨ ਦੀ ਕੋਸ਼ਿਸ਼ ਕੀਤੀ, ਅੱਖ ਕੱਢ ਦਿਆਂਗੇ।”

ਇਸ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਸੁਖਪਾਲ ਸਿੰਘ ਖਹਿਰਾ ਨੇ ਇਸਨੂੰ ‘ਤਾਲੇਬਾਨੀ ਪਾਲਿਸੀ’ ਕਰਾਰ ਦਿੱਤਾ ਹੈ। ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ:

“’ਸਾਮ ਦਾਮ ਦੰਡ ਭੇਦ’ ਤੋਂ ਬਾਅਦ ਹੁਣ ਤਾਲੇਬਾਨੀ ਪਾਲਿਸੀ ਅਖਤਿਆਰ ਕੀਤੀ। ਬੌਕਰ ਦੇ MLAs ਕਹਿੰਦੇ ਨੇ ‘ਉਂਗਲ ਦੇ ਬਦਲੇ ਉਂਗਲ, ਅੱਖ ਦੇ ਬਦਲੇ ਅੱਖ’।”

ਖਹਿਰਾ ਨੇ ਇਲਜ਼ਾਮ ਲਾਇਆ ਹੈ ਕਿ ਸੱਤਾਧਾਰੀ ਪਾਰਟੀ ਦੇ ਵਿਧਾਇਕ ਹੁਣ ਧਮਕੀਆਂ ਅਤੇ ਹਿੰਸਕ ਸ਼ਬਦਾਵਲੀ ’ਤੇ ਉਤਰ ਆਏ ਹਨ। ਫਿਲਹਾਲ ਇਸ ਮਾਮਲੇ ’ਤੇ ਵਿਧਾਇਕ ਗਿਆਸਪੁਰਾ ਜਾਂ ਆਮ ਆਦਮੀ ਪਾਰਟੀ ਵੱਲੋਂ ਕੋਈ ਅਧਿਕਾਰਤ ਸਪੱਸ਼ਟੀਕਰਨ ਸਾਹਮਣੇ ਨਹੀਂ ਆਇਆ ਹੈ।