Punjab Religion

ਭਲਕੇ ਹੋਵੇਗਾ ਸ਼ਤਾਬਦੀ ਸਮਾਗਮਾਂ ਦਾ ਆਗਾਜ਼, ਸ਼੍ਰੋਮਣੀ ਕਮੇਟੀ ਨੇ ਲਿਆ ਪ੍ਰਬੰਧਾਂ ਦਾ ਜਾਇਜ਼ਾ, ਸੰਗਤਾਂ ਨੂੰ ਕੀਤੀ ਖ਼ਾਸ ਅਪੀਲ

ਬਿਊਰੋ ਰਿਪੋਰਟ (ਸ੍ਰੀ ਅਨੰਦਪੁਰ ਸਾਹਿਬ, 20 ਨਵੰਬਰ 2025): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਪੁੱਜ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਗੁਰਮਤਿ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਕਮੇਟੀ ਮੈਂਬਰ ਡਾ. ਦਿਲਜੀਤ ਸਿੰਘ ਭਿੰਡਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲੇ ਵੀ ਹਾਜ਼ਰ ਸਨ।

ਇਸ ਮੌਕੇ ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਤਾਗੱਦੀ ਦੇ 350 ਸਾਲਾ ਦਿਹਾੜੇ ਸਬੰਧੀ ਭਲ੍ਹਕੇ ਸਵੇਰੇ 10 ਵਜੇ ਗੁਰਿਆਈ ਅਸਥਾਨ, ਗੁਰਦੁਆਰਾ ਭੋਰਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੇ ਨਾਲ ਸ਼ਤਾਬਦੀ ਸਮਾਗਮਾਂ ਦਾ ਆਗਾਜ਼ ਹੋਵੇਗਾ। 23 ਨਵੰਬਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਗੁਰਿਆਈ ਪੁਰਬ ਮਨਾਇਆ ਜਾਵੇਗਾ, ਜਿਸ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਗੁਰਬਾਣੀ ਕਥਾ ਕਰਨਗੇ। ਇਸ ਉਪਰੰਤ ਸਜੇ ਦੀਵਾਨ ਵਿਚ ਪੰਥ ਪ੍ਰਸਿੱਧ ਰਾਗੀ ਜਥੇ ਗੁਰਬਾਣੀ ਕੀਰਤਨ ਕਰਨਗੇ।

ਐਡਵੋਕੇਟ ਧਾਮੀ ਨੇ ਦੱਸਿਆ ਕਿ 25 ਨਵੰਬਰ ਨੂੰ ਸ਼ਹੀਦੀ ਸ਼ਤਾਬਦੀ ਦੇ ਮੁੱਖ ਸਮਾਗਮ ਅਤੇ 29 ਨਵੰਬਰ ਨੂੰ ਸੀਸ ਸਸਕਾਰ ਦਿਵਸ ਮਨਾਇਆ ਜਾਵੇਗਾ। ਮਿਤੀ 24 ਨਵੰਬਰ ਤੋਂ 28 ਨਵੰਬਰ ਤੱਕ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਾਮੀ 6 ਵਜੇ ਰੌਸ਼ਨੀ ਤੇ ਆਵਾਜ਼ ਪ੍ਰੋਗਰਾਮ ਰਾਹੀਂ ਪ੍ਰਭਾਵਸ਼ਾਲੀ ਰੂਪ ਵਿਚ ਨੌਵੇਂ ਪਾਤਸ਼ਾਹ ਦੇ ਜੀਵਨ ਤੇ ਸ਼ਹਾਦਤ ਦੇ ਇਤਿਹਾਸ ਨੂੰ ਦਿਖਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ 22 ਨਵੰਬਰ ਤੋਂ 29 ਨਵੰਬਰ ਤੱਕ ਲਗਾਤਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋਣਗੇ, ਜਿਸ ਦੌਰਾਨ ਵੱਧ ਤੋਂ ਵੱਧ ਸਿੱਖ ਸੰਗਤਾਂ ਨੂੰ ਅੰਮ੍ਰਿਤਧਾਰੀ ਹੋ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਆਪਣੇ ਜੀਵਨ ਵਿਚ ਯਾਦਗਾਰੀ ਬਣਾਉਣਾ ਚਾਹੀਦਾ ਹੈ।

ਉਨ੍ਹਾਂ ਵਿਸ਼ਵ ਭਰ ਦੇ ਸਿੱਖਾਂ ਨੂੰ ਨੌਵੇਂ ਪਾਤਸ਼ਾਹ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਪਰਿਵਾਰਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਨਤਮਸਤਕ ਹੋਣ ਦੀ ਅਪੀਲ ਕੀਤੀ। ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਨੇ ਵੀ ਦੱਸਿਆ ਕਿ 25 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਮੁੱਖ ਸਮਾਗਮਾਂ ਵਿਚ ਅਤੇ 29 ਨਵੰਬਰ ਨੂੰ ਸੀਸ ਸਸਕਾਰ ਦਿਵਸ ਮੌਕੇ ਹੋਣ ਵਾਲੇ ਕੌਮੀ ਪੱਧਰ ਦੇ ਗੁਰਮਤਿ ਸਮਾਗਮਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਪਾਰਟੀ ਲੀਡਰਸ਼ਿਪ ਸ਼ਾਮਲ ਹੋ ਕੇ ਗੁਰੂ ਸਾਹਿਬ ਨੂੰ ਸ਼ਰਧਾ ਭੇਟ ਕਰਨਗੇ।