Punjab Religion

350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ SGPC ਵੱਲੋਂ ਇਕ ਰੋਜ਼ਾ ਅੰਤਰ-ਰਾਸ਼ਟਰੀ ਸੈਮੀਨਾਰ

ਬਿਊਰੋ ਰਿਪੋਰਟ (ਸ੍ਰੀ ਆਨੰਦਪੁਰ ਸਾਹਿਬ, 20 ਨਵੰਬਰ 2025): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਸ੍ਰੀ ਗੁਰੂ ਤੇਗ ਬਹਾਦਰ ਜੀ: ਜੀਵਨ, ਬਾਣੀ ਤੇ ਸ਼ਹਾਦਤ ਅਜੋਕੇ ਸੰਦਰਭ ਵਿਚ’ ਵਿਸ਼ੇ ‘ਤੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਇਕ ਰੋਜ਼ਾ ਅੰਤਰ-ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ, ਸਿੱਖ ਬੁੱਧੀਜੀਵੀ ਡਾ. ਬਲਕਾਰ ਸਿੰਘ, ਡਾ. ਇੰਦਰਜੀਤ ਸਿੰਘ ਗੋਗੋਆਣੀ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਕਮੇਟੀ ਮੈਂਬਰ ਡਾ. ਦਿਲਜੀਤ ਸਿੰਘ ਭਿੰਡਰ, ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸ. ਅਜਮੇਰ ਸਿੰਘ ਖੇੜਾ ਸਮੇਤ ਵੱਡੀ ਗਿਣਤੀ ਕਾਲਜ ਪ੍ਰੋਫੈਸਰ, ਇਲਾਕੇ ਦੇ ਵਕੀਲ ਅਤੇ ਪਤਵੰਤੇ ਸ਼ਾਮਿਲ ਹੋਏ।

ਇਸ ਮੌਕੇ ਪ੍ਰਧਾਨਗੀ ਸੰਬੋਧਨ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦੁਨੀਆ ਵਿਚ ਆਪੋ-ਆਪਣੇ ਅਕੀਦੇ ਲਈ ਕੁਰਬਾਨ ਹੋਣ ਵਾਲੇ ਬੇਅੰਤ ਮਹਾਪੁਰਖ ਤੇ ਯੋਧੇ ਹੋਏ ਹਨ ਪਰ ਦੂਜਿਆਂ ਦੇ ਵਿਸ਼ਵਾਸ, ਖਾਸ ਕਰਕੇ ਉਸ ਵਿਸ਼ਵਾਸ ਵਿਚ ਖੁਦ ਸਹਿਮਤ ਨਾ ਹੁੰਦੇ ਹੋਏ ਵੀ, ਉਨ੍ਹਾਂ ਲਈ ਸ਼ਹਾਦਤ ਸਿਰਫ਼ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹੀ ਦਿੱਤੀ।

ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਦਾ ਜੀਵਨ, ਗੁਰਬਾਣੀ ਅਤੇ ਸ਼ਹਾਦਤ ਸਾਨੂੰ ਸੰਸਾਰੀ ਤੇ ਆਤਮਿਕ ਜੀਵਨ ਦੇ ਕਲਿਆਣ ਲਈ ਸੰਸਾਰੀ ਬਲ ਤੇ ਰੂਹਾਨੀ ਬਲ ਦੀ ਸੁਮੇਲਤਾ ਵਾਲੀ ਜੁਗਤ ਦਿੰਦੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਵੀ ਕਿਹਾ ਕਿ ਧੁਰ ਕੀ ਬਾਣੀ ਦੀ ਰਚਨਾ ਦੀ ਜੋ ਬੇਨਜ਼ੀਰ ਤੇ ਪਵਿੱਤਰ ਪਰੰਪਰਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਰੰਭੀ ਸੀ, ਉਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸੰਪੂਰਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਹਿੰਦੋਸਤਾਨ ਦੀ ਹੋਂਦ-ਹਸਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਦੌਲਤ ਹੈ ਪਰ ਦੁੱਖ ਦੀ ਗੱਲ ਹੈ ਕਿ ਅੱਜ ਦੀਆਂ ਸਰਕਾਰਾਂ ਸਿੱਖਾਂ ਦੇ ਧਾਰਮਿਕ ਕਕਾਰ ਅਤੇ ਜ਼ਮੀਰ ਦੀ ਆਜ਼ਾਦੀ ਖੋਹਣ ਲਈ ਘਟੀਆ ਹਥਕੰਡੇ ਵਰਤ ਰਹੀਆਂ ਹਨ।

ਸਿੱਖ ਵਿਦਵਾਨ ਡਾ. ਬਲਕਾਰ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹਾਦਤ ਦੀ ਅਜੋਕੇ ਵਿਸ਼ਵ ਪ੍ਰਸੰਗ ਵਿਚ ਵਿਆਖਿਆ ਕਰਦਿਆਂ ਆਖਿਆ ਕਿ ਨੌਵੇਂ ਪਾਤਸ਼ਾਹ ਨੂੰ ਹਿੰਦ ਦੀ ਚਾਦਰ, ਧਰਮ ਦੀ ਚਾਦਰ, ਸ੍ਰਿਸ਼ਟ ਦੀ ਚਾਦਰ ਅਤੇ ਮਾਨਵਤਾ ਦੀ ਚਾਦਰ ਕਿਹਾ ਜਾਂਦਾ ਹੈ ਪਰ ਗੁਰੂ ਸਾਹਿਬ ਦੀ ਹਿੰਦੋਸਤਾਨ ਉੱਪ ਮਹਾਂਦੀਪ ਦੀ ਤਕਦੀਰ ਤੇ ਅਜੋਕੀ ਹੋਂਦ ਵਿਚ ਜੋ ਅਜ਼ੀਮ ਦੇਣ ਸੀ, ਉਸ ਦੀ ਵਿਆਪਕਤਾ ਨੂੰ ਸਮਝਣ ਤੇ ਮਹਿਸੂਸ ਕਰਨ ਲਈ ਕਵੀ ਸੰਤੋਖ ਸਿੰਘ ਦੀਆਂ ਰਚਨਾਵਾਂ ਦੀ ਬਹੁਪੱਖੀ ਵਿਆਖਿਆ ਕਰਨ ਦੀ ਲੋੜ ਹੈ।

ਉਨ੍ਹਾਂ ਨੇ ਨੌਵੇਂ ਪਾਤਸ਼ਾਹ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾਉਂਦਿਆਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ‘ਮੀਰੀ-ਪੀਰੀ’ ਦੇ ਸੰਕਲਪ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ‘ਸੰਤ ਸਿਪਾਹੀ’ ਦੇ ਅਮਲ ਤੱਕ ਪੁੱਜਣ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਭੂਮਿਕਾ ਨੂੰ ਸਮਝਣ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਚਾਰ ਦੌਰਿਆਂ ਨਾਲ ਸਬੰਧ ਨੂੰ ਵੀ ਸਾਹਮਣੇ ਲਿਆਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੌਵੇਂ ਪਾਤਸਾਹ ਦੇ ਸ਼ਬਦ ‘ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ॥’ ਨੂੰ ਨਾਅਰੇ ਦੀ ਬਜਾਇ ਸਿਧਾਂਤ ਰੂਪ ਵਿਚ ਪ੍ਰਵਚਨ ਬਣਾਉਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਦੇ ਨਾਲ ਨੌਵੇਂ ਪਾਤਸ਼ਾਹ ਦੇ ਸਿਧਾਂਤ ਦਾ ਅਮਲ ਤੇ ਅਮਲ ਦਾ ਸਿਧਾਂਤ ਸਾਹਮਣੇ ਆਵੇਗਾ।

ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਿਰਫ ਇਕ ਸ਼ਹਾਦਤ ਹੀ ਨਹੀਂ, ਬਲਕਿ ਮਾਨਵਤਾ ਵਿਚ ਆਤਮ-ਸਨਮਾਨ ਪੈਦਾ ਕਰਨ ਦਾ ਇਕ ਲਾਮਿਸਾਲ ਅਦੁੱਤੀ ਅਮਲ ਵੀ ਸੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸੀਸ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਨਵਤਾ ਦੀ ਖਾਤਰ ਦਿੱਲੀ ਗਿਆ ਸੀ, ਉੁਹ ਸੀਸ ਧੜ ਤੋਂ ਵੱਖ ਹੋ ਕੇ ਮੁੜ ਸ੍ਰੀ ਅਨੰਦਪੁਰ ਸਾਹਿਬ ਆਇਆ ਸੀ। ਇਸ ਵਰਤਾਰੇ ਨੇ ਮਾਨਵਤਾ ਨੂੰ ਸੀਸ ਉੱਚਾ ਕਰਕੇ ਸਵੈਮਾਣ ਨਾਲ ਜੀਣ ਦੀ ਜਾਚ ਦੱਸੀ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਤਨ ਦੀ ਚਾਦਰ ਦੇ ਕੇ ਹਿੰਦੋਸਤਾਨ ਦੀ ਪਤ, ਅਣਖ ਤੇ ਮਨੁੱਖੀ ਆਜ਼ਾਦੀ ਨੂੰ ਬਚਾਇਆ ਸੀ। ਉਨ੍ਹਾਂ ਕਿਹਾ ਕਿ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਸਿੱਖ ਕੌਮ ਵਿਸ਼ਵ ਦੇ 161 ਮੁਲਕਾਂ ਵਿਚ ਮਨਾ ਰਹੀ ਹੈ, ਪਰ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਵਾਲੇ ਹਿੰਦੋਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਦੀ ਕਬਰ ‘ਤੇ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਰਾਜ ਬਲ ਅਤੇ ਆਤਮਿਕ ਬਲ ਵਿਚਾਲੇ ਜੰਗ ਵਿਚ ਸੱਚ ਦੀ ਜਿੱਤ ਹੁੰਦੀ ਹੈ, ਜੋ ਆਤਮਿਕ ਬਲ ਦੀ ਸ਼ਕਤੀ ਹੁੰਦਾ ਹੈ।

ਡਾ. ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਦੁਨੀਆ ਦੇ ਅਕਾਦਮਿਕ ਤੇ ਬੌਧਿਕ ਸ਼ਬਦਕੋਸ਼ ਵਿਚ ਧਰਮ ਦੀ ਵਿਆਖਿਆ ਸਮਰਪਣ, ਸਿੱਦਕ ਅਤੇ ਦ੍ਰਿੜ੍ਹਤਾ ਦੇ ਨੇਕ ਅਮਲ ਦੇ ਰੂਪ ਵਿਚ ਕੀਤੀ ਜਾਂਦੀ ਹੈ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਇਸ ਦੀ ਅਦੁੱਤੀ ਮਿਸਾਲ ਹੈ। ਉਨ੍ਹਾਂ ਨੇ ਨੌਵੇਂ ਪਾਤਸ਼ਾਹ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮਨਾਉਂਦਿਆਂ ਸਾਰਿਆਂ ਨੂੰ ਆਤਮ ਚਿੰਤਨ ਕਰਨ ਦਾ ਸੱਦਾ ਦਿੱਤਾ ਤਾਂ ਜੋ ਇਹ ਵੇਖ ਸਕੀਏ ਕਿ ਅੱਜ ਅਸੀਂ ਧਰਮ ਦੇ ਗਾਡੀਰਾਹ ‘ਤੇ ਸਹੀ ਰੂਪ ਵਿਚ ਕਿੰਨਾ ਕੁ ਚੱਲ ਰਹੇ ਹਾਂ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਨੀਆ ਵਿਚ ਜਮਹੂਰੀਅਤ ਦੇ ਰਹਿਬਰ ਸਨ, ਜਿਨ੍ਹਾਂ ਦੀ ਬਦੌਲਤ ਅੱਜ ਸੰਸਾਰ ਅੰਦਰ ਮਨੁੱਖੀ ਅਧਿਕਾਰਾਂ ਨੂੰ ਸਨਮਾਨ ਮਿਲਦਾ ਹੈ। ਉਨ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਵਿਸ਼ਵ ਪੱਧਰੀ ਚਰਚਾ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਵੀ ਦੁਨੀਆ ਵਿਚ ਮਨੁੱਖਤਾ ‘ਤੇ ਜੋ ਜ਼ੁਲਮ ਹੋ ਰਿਹਾ ਹੈ, ਉਸ ਦੇ ਟਾਕਰੇ ਲਈ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਸਾਡੇ ਲਈ ਸ਼ਕਤੀ ਦਾ ਸਰੋਤ ਹੈ।

ਇਸ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ ਜਸਬੀਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਦਿਲਬਾਗ ਸਿੰਘ ਬਾਲਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸ. ਗੁਰਦੀਪ ਸਿੰਘ ਕੰਗ, ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ, ਸ.ਤਲਵਿੰਦਰ ਸਿੰਘ ਬੁੱਟਰ, ਜਥੇਦਾਰ ਮੋਹਨ ਸਿੰਘ ਡੂਮੇਵਾਲ, ਸ. ਸੁਰਿੰਦਰ ਸਿੰਘ ਮਟੌਰ ਅਤੇ ਵੱਡੀ ਗਿਣਤੀ ਕਾਲਜ ਸਟਾਫ ਦੇ ਵਿਦਿਆਰਥੀ ਵੀ ਹਾਜ਼ਰ ਸਨ।