Punjab Religion

ਭਾਜਪਾ ਵੱਲੋਂ ਹਿੰਦ ਦੀ ਚਾਦਰ ਗੁਰੂ ਤੇਗ ਬਹਾਦੁਰ ਜੀ ਨੂੰ ਸਮਰਪਿਤ ਵਿਸ਼ਾਲ ਕੀਰਤਨ ਦਰਬਾਰ

ਬਿਊਰੋ ਰਿਪੋਰਟ (ਚੰਡੀਗੜ੍ਹ/ਆਨੰਦਪੁਰ, 19 ਨਵੰਬਰ 2025): ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਭਵਿੱਖ-ਭਰਪੂਰ ਧਾਰਮਿਕ ਪ੍ਰੋਗਰਾਮਾਂ ਦੀ ਲੜੀ ਦੀ ਸ਼ੁਰੂਆਤ ਕਰਦਿਆਂ, ਬੁਧਵਾਰ ਨੂੰ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਵਿਸ਼ਾਲ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ।

ਹਜ਼ੂਰੀ ਰਾਗੀ ਭਾਈ ਰਣਜੀਤ ਸਿੰਘ ਜੀ (ਪਟਨਾ) ਦੇ ਨਾਲ ਭਾਈ ਰਜਿੰਦਰ ਸਿੰਘ (ਆਨੰਦਪੁਰ ਸਾਹਿਬ), ਭਾਈ ਗਗਨਦੀਪ ਸਿੰਘ (ਗੰਗਾਨਗਰ) ਅਤੇ ਭਾਈ ਦੇਵਿੰਦਰ ਸਿੰਘ ਖਾਲਸਾ (ਖੰਨਾ) ਨੇ ਗੁਰਬਾਣੀ ਕੀਰਤਨ ਰਾਹੀਂ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਉਪਦੇਸ਼ਾਂ ਅਤੇ ਬਲਿਦਾਨ ਨੂੰ ਯਾਦ ਕਰਵਾਇਆ।

ਕੀਰਤਨ ਦਰਬਾਰ ਤੋਂ ਪਹਿਲਾਂ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਭਾਜਪਾ ਕੋਮੀ ਸਕੱਤਰ ਤੇ ਸਹ-ਪ੍ਰਭਾਰੀ ਡਾ. ਨਰਿੰਦਰ ਸਿੰਘ ਰੈਣਾ, ਸੂਬਾ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਭਾਜਪਾ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ, ਸੰਗਠਨ ਮਹਾਮੰਤਰੀ ਮੰਥਰੀ ਸ਼੍ਰੀਨਿਵਾਸ ਸੁੱਲੂ, ਸਾਬਕਾ ਸੂਬਾ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਸਾਬਕਾ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪਰਣੀਤ ਕੌਰ, ਸਾਬਕਾ ਮੰਤਰੀ ਤੀਖਣ ਸੂਦ, ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ, ਮਹਿਲਾ ਮੋਰਚਾ ਪੰਜਾਬ ਦੀ ਸੂਬਾ ਪ੍ਰਧਾਨ ਜੈ ਇੰਦਰ ਕੌਰ, ਸੂਬਾ ਮੀਤ ਪ੍ਰਧਾਨ ਵਿਕਰਮ ਸਿੰਘ ਚੀਮਾ ਅਤੇ ਡਾ. ਸੁਭਾਸ਼ ਸ਼ਰਮਾ, ਸੂਬਾ ਮਹਾਮੰਤਰੀ ਪਰਮਿੰਦਰ ਬਰਾੜ, ਅਨਿਲ ਸਰੀਨ, ਰਾਕੇਸ਼ ਰਾਠੌੜ, ਦਿਆਲ ਸਿੰਘ ਸੋਢੀ, ਰੂਪਨਗਰ ਭਾਜਪਾ ਜ਼ਿਲਾ ਪ੍ਰਧਾਨ ਅਜੈ ਵੀਰ ਲਾਲਪੁਰਾ ਸਹਿਤ ਸੀਨੀਅਰ ਨੇਤਾਵਾਂ ਨੇ ਤਖ਼ਤ ਸ਼੍ਰੀ ਕੇਸ਼ਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਪੰਜਾਬ ਦੀ ਤਰੱਕੀ ਅਤੇ ਸ਼ਾਂਤੀ ਲਈ ਅਰਦਾਸ ਕੀਤੀ।

ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ (ਦਿੱਲੀ) ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਅਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸਮਾਪਤੀ ਸਮੇਂ ਕਿਹਾ ਕਿ ਅੱਜ ਦਾ ਦਿਨ ਕੇਵਲ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਨੂੰ ਯਾਦ ਕਰਨ ਦਾ ਹੀ ਨਹੀਂ, ਸਗੋਂ ਉਹਨਾਂ ਦੇ ਬਲਿਦਾਨ, ਜੀਵਨ, ਬਾਣੀ ਅਤੇ ਆਚਰਨ ਤੋਂ ਪ੍ਰੇਰਣਾ ਲੈ ਕੇ ਉਸ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਦਾ ਦਿਨ ਹੈ।

ਇਸ ਮੌਕੇ ਗੁਰੂ ਸਾਹਿਬ ਅੱਗੇ ਨਤਮਸਤਕ ਹੋਣ ਤੋਂ ਬਾਅਦ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਵਿਅਕਤੀ ਦੇ ਧਰਮ ਪਾਲਣ ਦੇ ਅਧਿਕਾਰ ਲਈ ਇੱਕ ਲਾਸਾਨੀ ਕੁਰਬਾਨੀ ਦਿੱਤੀ ਅਤੇ ਇਸਦੀ ਹੋਰ ਮਿਸਾਲ ਇਤਿਹਾਸ ਵਿੱਚ ਨਹੀਂ ਮਿਲਦੀ। ਉਹਨਾਂ ਕਿਹਾ ਕਿ ਸਮੂਹ ਪੰਜਾਬੀਆਂ ਨੂੰ ਦੇਸ਼ ਕੌਮ ਲਈ ਕੁਰਬਾਨ ਹੋਣ ਦਾ ਜਜ਼ਬਾ ਗੁਰੂ ਸਾਹਿਬ ਤੋਂ ਮਿਲਦਾ ਹੈ ਅਤੇ ਇਸ ਤਰ੍ਹਾਂ ਦੇ ਸਮਾਗਮ ਕਰਨ ਦਾ ਉਦੇਸ਼ ਵੀ ਇਹੀ ਹੈ ਕਿ ਅਸੀਂ ਆਪਣੀ ਅਗਲੀ ਪੀੜੀ ਨੂੰ ਸਾਡੇ ਗੌਰਵਸ਼ਾਲੀ ਇਤਿਹਾਸ ਨਾਲ ਜੋੜ ਸਕੀਏ।

ਸੁਨੀਲ ਜਾਖੜ ਨੇ ਕਿਹਾ ਕਿ ਅੱਜ ਅਸੀਂ ਗੁਰੂ ਸਾਹਿਬ ਤੋਂ ਅਸੀਸਾਂ ਲੈਣ ਆਏ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਅਸੀਂ ਆਪਣੇ ਜੀਵਨ ਵਿੱਚ ਉਹਨਾਂ ਦੇ ਸੰਦੇਸ਼ ਨੂੰ ਧਾਰਨ ਕਰ ਸਕੀਏ ।

ਸੁਨੀਲ ਜਾਖੜ ਨੇ ਆਖਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਮਹਾਨ ਬਲਿਦਾਨ ਦੇ ਕੇ ਨਾ ਕੇਵਲ ਹਿੰਦੂ ਧਰਮ ਸਗੋਂ ਸਮੁੱਚੀ ਮਾਨਵਤਾ ਦੀ ਰਾਖੀ ਕੀਤੀ ਸੀ ਅਤੇ ਇਸੇ ਕਾਰਨ ਉਹਨਾਂ ਨੂੰ ਹਿੰਦ ਦੀ ਚਾਦਰ ਦਾ ਖਿਤਾਬ ਦਿੱਤਾ ਜਾਂਦਾ ਹੈ।

ਭਾਜਪਾ ਪੰਜਾਬ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ 24 ਨਵੰਬਰ ਨੂੰ ਪੰਜਾਬ ਭਾਜਪਾ ਦੇ ਸਭ 628 ਮੰਡਲਾਂ ਵਿੱਚ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਵੇਗਾ, ਜਿਸ ਵਿੱਚ ਹਜ਼ਾਰਾਂ ਸ਼ਰਧਾਲੂ ਅਤੇ ਕਾਰਕੁੰਨਾਂ ਹਿੱਸਾ ਲੈਣਗੇ। ਇਸਦੇ ਨਾਲ ਹੀ 30 ਨਵੰਬਰ ਤੱਕ ਪੰਜਾਬ ਦੇ ਹਰ ਜ਼ਿਲੇ ਵਿੱਚ ਕੀਰਤਨ ਦਰਬਾਰ ਆਯੋਜਿਤ ਕੀਤੇ ਜਾਣਗੇ।

ਉਹਨਾਂ ਕਿਹਾ ਕਿ ਇਹ ਆਯੋਜਨ ਕੇਵਲ ਧਾਰਮਿਕ ਸ਼ਰਧਾ ਦਾ ਪ੍ਰਤੀਕ ਨਹੀਂ, ਸਗੋਂ ਗੁਰੂ ਸਾਹਿਬ ਦੇ ਬਲਿਦਾਨ, ਏਕਤਾ ਅਤੇ ਸੱਚ ਦੇ ਅਮਰ ਸੁਨੇਹੇ ਨੂੰ ਹਰ ਘਰ ਤੱਕ ਪਹੁੰਚਾਉਣ ਅਤੇ ਲੋਕਾਂ ਨੂੰ ਪ੍ਰੇਰਿਤ ਕਰਨ ਦਾ ਮੌਕਾ ਵੀ ਹਨ।