Punjab

ਜਲੰਧਰ ਦੇ ਨੌਜਵਾਨ ਨੂੰ ਖੁੱਲ੍ਹੇਆਮ ਨਸ਼ੇ ਦਾ ਟੀਕਾ ਲਗਾਉਂਦੇ ਫੜਿਆ

ਜਲੰਧਰ ਨੇੜੇ ਪਿੰਡ ਹਮੀਰਾ ਵਿੱਚ ਸੜਕ ਕਿਨਾਰੇ ਕੁਝ ਨੌਜਵਾਨ ਖੁੱਲ੍ਹੇਆਮ ਨਸ਼ੇ ਦਾ ਇੰਜੈਕਸ਼ਨ ਲਗਾਉਂਦੇ ਰੰਗੇ ਹੱਥੀਂ ਫੜੇ ਗਏ। ਇੱਕ ਸਥਾਨਕ ਵਿਅਕਤੀ ਨੇ ਪੂਰੀ ਘਟਨਾ ਮੋਬਾਈਲ ‘ਤੇ ਲਾਈਵ ਰਿਕਾਰਡ ਕਰਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ, ਜਿਸ ਨਾਲ ਇਲਾਕੇ ‘ਚ ਹੜਕੰਪ ਮੱਚ ਗਿਆ।

ਵੀਡੀਓ ਬਣਾਉਣ ਵਾਲੇ ਨੇ ਪੰਜਾਬ ਸਰਕਾਰ ਦੇ ਨਸ਼ਾ ਵਿਰੋਧੀ ਦਾਅਵਿਆਂ ‘ਤੇ ਸਿੱਧੇ ਸਵਾਲ ਉਠਾਏ। ਉਸ ਅਨੁਸਾਰ ਸਰਕਾਰ ਇਸ਼ਤਿਹਾਰਾਂ ‘ਤੇ ਕਰੋੜਾਂ ਰੁਪਏ ਖਰਚ ਕੇ ਵੱਡੇ-ਵੱਡੇ ਵਾਅਦੇ ਕਰ ਰਹੀ ਹੈ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਨੌਜਵਾਨ ਸੜਕਾਂ ‘ਤੇ ਬੇਡਰ ਹੋ ਕੇ ਟੀਕੇ ਲਗਾ ਰਹੇ ਹਨ। ਉਸ ਨੇ ਪੁਲਿਸ ‘ਤੇ ਵੀ ਗੰਭੀਰ ਇਲਜ਼ਾਮ ਲਗਾਇਆ ਕਿ ਦਿਆਲਪੁਰ ਤੇ ਆਸਪਾਸ ਦੇ ਇਲਾਕਿਆਂ ‘ਚ ਨਸ਼ਾ ਵੇਚਣ ਵਾਲਿਆਂ ਨਾਲ ਮਿਲੀਭੁਗਤ ਹੈ, ਜਿਸ ਕਾਰਨ ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ।

ਪਿੰਡ ਵਾਸੀਆਂ ਨੇ ਸਰਕਾਰ ਤੇ ਪੁਲਿਸ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਸਵਾਲ ਹੈ ਕਿ ਜੇ ਨਸ਼ਿਆਂ ਵਿਰੁੱਧ ਇੰਨੀ ਵੱਡੀ ਮੁਹਿੰਮ ਚੱਲ ਰਹੀ ਹੈ ਤਾਂ ਪਿੰਡਾਂ ਦੀਆਂ ਸੜਕਾਂ ਨਸ਼ੇ ਦੇ ਅੱਡੇ ਕਿਵੇਂ ਬਣ ਗਈਆਂ?ਇਹ ਘਟਨਾ ਇੱਕ ਵਾਰ ਫਿਰ ਸਾਬਤ ਕਰਦੀ ਹੈ ਕਿ ਪੰਜਾਬ ਵਿੱਚ ਨਸ਼ਾ ਸਿਰਫ਼ ਸਮਾਜਿਕ ਸਮੱਸਿਆ ਨਹੀਂ, ਸਗੋਂ ਪ੍ਰਸ਼ਾਸਨਿਕ ਅਸਫਲਤਾ ਦਾ ਵੀ ਵੱਡਾ ਪ੍ਰਤੀਕ ਬਣ ਚੁੱਕੀ ਹੈ।