Punjab

ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪੰਜਾਬੀਆਂ ਨੂੰ ਜਨਸੰਖਿਆ ਵਧਾਉਣ ਦੀ ਨਸੀਹਤ

ਬਿਊਰੋ ਰਿਪੋਰਟ (18 ਨਵੰਬਰ, 2025): ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੂਬੇ ਵਿੱਚ ਜਨਸੰਖਿਆ ਦੇ ਘੱਟ ਰਹੇ ਪੱਧਰ ’ਤੇ ਚਿੰਤਾ ਜ਼ਾਹਰ ਕਰਦਿਆਂ ਪੰਜਾਬੀਆਂ ਨੂੰ ਵੱਧ ਬੱਚੇ ਪੈਦਾ ਕਰਨ ਦੀ ਨਸੀਹਤ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਇੱਕ ਬੱਚਾ ਹੀ ਪੈਦਾ ਕਰਨ ਦਾ ਰਿਵਾਜ਼ ਚੱਲ ਪਿਆ ਹੈ, ਪਰ ਇਹ ਪੰਜਾਬੀਆਂ ਲਈ ਚੰਗਾ ਨਹੀਂ ਹੈ। ਸੰਧਵਾਂ ਨੇ ਇਸ ਨੂੰ ਇੱਕ ਗੰਭੀਰ ਮਸਲਾ ਕਰਾਰ ਦਿੱਤਾ ਅਤੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇੱਕ ਬੱਚੇ ਵਾਲੀ ਸੋਚ ਨੂੰ ਤਿਆਗ ਕੇ ਦੋ ਜਾਂ ਤਿੰਨ ਬੱਚੇ ਪੈਦਾ ਕਰਨ ਤਾਂ ਜੋ ‘ਨਸਲਾਂ ਬਚਾਈਆਂ ਜਾ ਸਕਣ।’

ਉਨ੍ਹਾਂ ਅੱਗੇ ਕਿਹਾ ਕਿ ਬੱਚੇ ਹੀ ਬੁਢਾਪੇ ਦਾ ਸਹਾਰਾ ਹੁੰਦੇ ਹਨ। ਉਨ੍ਹਾਂ ਇਸ ਗੱਲ ’ਤੇ ਚਾਨਣਾ ਪਾਇਆ ਕਿ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ, ਜਿਸ ਕਾਰਨ ਪੰਜਾਬ ਵਿੱਚ ਜਨਸੰਖਿਆ ਘਟਦੀ ਜਾ ਰਹੀ ਹੈ।

ਸੰਧਵਾਂ ਨੇ ਇਹ ਬਿਆਨ ਕੋਟਕਪੂਰਾ ਵਿਖੇ ਗੁਰਦੁਆਰਾ ਗੁਰੂ ਨਾਨਕ ਸਤਿਸੰਗ ਸਭਾ ਵਿਖੇ ‘ਜੈਕਾਰਾ ਮੂਵਮੈਂਟ ਸ਼ੋਸ਼ਲ ਆਰਗੇਨਾਈਜੇਸ਼ਨ’ ਵੱਲੋਂ ਕਰਵਾਏ ਗਏ ਇੱਕ ਸਮਾਗਮ ਦੌਰਾਨ ਦਿੱਤਾ। ਇਸ ਸਮਾਗਮ ਵਿੱਚ ‘ਦਾਦੇ ਤੋਂ ਪੋਤੇ ਤੱਕ’ ਤਿੰਨ ਪੀੜ੍ਹੀਆਂ ਦੇ ਨਸ਼ਾ ਰਹਿਤ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ ਸੀ।