India Punjab

ਦਿੱਲੀ ਬੰਬ ਧਮਾਕੇ ਦਾ ਲੁਧਿਆਣਾ ਕਨੈਕਸ਼ਨ: NIA ਨੇ ਵਿਆਹ ’ਚ ਗਏ ਡਾਕਟਰ ਤੋਂ ਕੀਤੀ ਪੁੱਛਗਿੱਛ

ਬਿਊਰੋ ਰਿਪੋਰਟ (ਲੁਧਿਆਣਾ, 17 ਨਵੰਬਰ 2025): ਦਿੱਲੀ ਦੇ ਲਾਲ ਕਿਲ੍ਹੇ ਦੇ ਬਾਹਰ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਹੁਣ ਲੁਧਿਆਣਾ ਕਨੈਕਸ਼ਨ ਵੀ ਸਾਹਮਣੇ ਆ ਰਿਹਾ ਹੈ। 13 ਨਵੰਬਰ ਨੂੰ NIA ਨੇ ਲੁਧਿਆਣਾ ਦੇ ਬਾਲ ਸਿੰਘ ਨਗਰ ਵਿੱਚ ਵੀ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਟੀਮ ਨੇ ਅਲ-ਫਲਾਹ ਯੂਨੀਵਰਸਿਟੀ ਤੋਂ MBBS ਕਰਨ ਵਾਲੇ ਡਾਕਟਰ ਜਾਨ ਨਿਸਾਰ ਆਲਮ ਦੇ ਕਲੀਨਿਕ ’ਤੇ ਛਾਪਾ ਮਾਰਿਆ।

ਉਸ ਸਮੇਂ ਡਾਕਟਰ ਕਲੀਨਿਕ ’ਤੇ ਮੌਜੂਦ ਨਹੀਂ ਸਨ, ਜਿਸ ਤੋਂ ਬਾਅਦ ਟੀਮ ਡਾਕਟਰ ਦੇ ਘਰ ਪਹੁੰਚੀ, ਜੋ ਕਲੀਨਿਕ ਤੋਂ ਕੁਝ ਹੀ ਕਦਮਾਂ ਦੀ ਦੂਰੀ ’ਤੇ ਹੈ। ਟੀਮ ਨੇ ਡਾਕਟਰ ਦੇ ਪਿਤਾ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਡਾਕਟਰ ਜਾਨ ਨਿਸਾਰ ਕੁਝ ਦਿਨ ਪਹਿਲਾਂ ਹੀ ਰਿਸ਼ਤੇਦਾਰੀ ਵਿੱਚ ਪਿੰਡ ਡਾਲਖੋਲਾ ਬੰਗਾਲ ਗਏ ਹੋਏ ਹਨ।

NIA ਦੀ ਟੀਮ ਨੇ ਬੰਗਾਲ ਵਿੱਚ ਛਾਪਾ ਮਾਰ ਕੇ ਡਾਕਟਰ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਸੀ। ਪੂਰਾ ਦਿਨ ਪੁੱਛਗਿੱਛ ਕਰਨ ਤੋਂ ਬਾਅਦ ਸ਼ਾਮ ਨੂੰ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ। ਸੂਚਨਾ ਹੈ ਕਿ ਡਾਕਟਰ ਦਾ ਲੈਪਟਾਪ ਅਤੇ ਮੋਬਾਈਲ ਟੀਮ ਦੇ ਕਬਜ਼ੇ ਵਿੱਚ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

ਟੀਮ ਨੇ ਡਾਕਟਰ ਨੂੰ ਕਿਹਾ ਹੈ ਕਿ ਜਦੋਂ ਵੀ ਇਸ ਕੇਸ ਵਿੱਚ ਉਨ੍ਹਾਂ ਦੀ ਕਿਸੇ ਤਰ੍ਹਾਂ ਦੀ ਜ਼ਰੂਰਤ ਹੋਵੇਗੀ, ਤਾਂ ਉਨ੍ਹਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਆਉਣਾ ਪਵੇਗਾ। ਅੱਜ ਡਾ. ਆਲਮ ਨੂੰ NIA ਨੇ ਪੁੱਛਗਿੱਛ ਲਈ ਦਿੱਲੀ ਸਥਿਤ ਆਪਣੇ ਦਫ਼ਤਰ ਬੁਲਾਇਆ ਹੋਇਆ ਹੈ।

ਦਰਅਸਲ ਰਾਸ਼ਟਰੀ ਜਾਂਚ ਏਜੰਸੀ (NIA) ਵੱਖ-ਵੱਖ ਸੂਬਿਆਂ ਵਿੱਚ ਛਾਪੇਮਾਰੀ ਕਰ ਰਹੀ ਹੈ। NIA ਫਰੀਦਾਬਾਦ ਦੀ ਅਲ-ਫਲਾਹ ਯੂਨੀਵਰਸਿਟੀ ਦੇ ਉਨ੍ਹਾਂ ਸਾਰੇ ਵਿਦਿਆਰਥੀਆਂ ਦਾ ਰਿਕਾਰਡ ਖੰਗਾਲ ਰਹੀ ਹੈ, ਜਿਨ੍ਹਾਂ ਦੇ ਲਿੰਕ ਯੂਨੀਵਰਸਿਟੀ ਵਿੱਚ ਪੜ੍ਹਾਉਣ ਵਾਲੇ ਮੁਲਜ਼ਮਾਂ ਅਤੇ ਸ਼ੱਕੀ ਪ੍ਰੋਫ਼ੈਸਰਾਂ ਨਾਲ ਜੁੜੇ ਹੋ ਸਕਦੇ ਹਨ।