Punjab

ਪੰਜਾਬ ’ਚ ਅੱਜ ਦੁਪਹਿਰ 12 ਵਜੇ ਤੋਂ PRTC/ਪਨਬਸ ਦੀਆਂ ਬੱਸਾਂ ਦਾ ਚੱਕਾ ਜਾਮ

ਬਿਊਰੋ ਰਿਪੋਰਟ (ਚੰਡੀਗੜ੍ਹ, 17 ਨਵੰਬਰ 2025): ਪੰਜਾਬ ਵਿੱਚ ਅੱਜ (17 ਨਵੰਬਰ) ਦੁਪਹਿਰ 12 ਵਜੇ ਤੋਂ ਪੰਜਾਬ ਰੋਡਵੇਜ਼ ਅਤੇ PRTC ਦੀਆਂ ਬੱਸਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਪੰਜਾਬ ਰੋਡਵੇਜ਼, ਪਨਬਸ ਅਤੇ PRTC ਕੰਟਰੈਕਟ ਵਰਕਰ ਯੂਨੀਅਨ ਵੱਲੋਂ ਕਿਲੋਮੀਟਰ ਸਕੀਮ ਦੇ ਵਿਰੋਧ ਵਿੱਚ ਇਹ ਫੈਸਲਾ ਲਿਆ ਗਿਆ ਹੈ। ਯੂਨੀਅਨ ਦਾ ਕਹਿਣਾ ਹੈ ਕਿ ਜੇ ਸਰਕਾਰ ਪ੍ਰਾਈਵੇਟ ਬੱਸਾਂ ਲਈ ਟੈਂਡਰ ਖੋਲ੍ਹਦੀ ਹੈ, ਤਾਂ ਉਹ ਹੜਤਾਲ ’ਤੇ ਚਲੇ ਜਾਣਗੇ।

ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਕਿਲੋਮੀਟਰ ਸਕੀਮ ਤਹਿਤ ਨਿੱਜੀ ਬੱਸਾਂ ਦਾ ਟੈਂਡਰ ਖੋਲ੍ਹ ਕੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ, ਉਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਆਪਣੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ’ਤੇ ਵੀ ਜ਼ੋਰ ਦੇ ਰਹੇ ਹਨ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਕਿਲੋਮੀਟਰ ਸਕੀਮ ਇੱਕ ਘਾਟੇ ਦਾ ਸੌਦਾ ਹੈ, ਪਰ ਇਸ ਦੇ ਬਾਵਜੂਦ ਇਸ ਦਿਸ਼ਾ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ।

ਸੰਘਰਸ਼ ਦੀ ਰਣਨੀਤੀ 

  1. ਬੱਸਾਂ ਦਾ ਚੱਕਾ ਜਾਮ: ਮੁਲਾਜ਼ਮ ਅੱਜ ਦੁਪਹਿਰ 12 ਵਜੇ ਤੋਂ ਪੰਜਾਬ ਰੋਡਵੇਜ਼, ਪਨਬਸ ਅਤੇ PRTC ਦੀਆਂ ਬੱਸਾਂ ਪੂਰੀ ਤਰ੍ਹਾਂ ਖੜ੍ਹੀਆਂ ਕਰ ਦੇਣਗੇ। ਸਾਰੀਆਂ ਡਿਪੂ ਕਮੇਟੀਆਂ ਨੂੰ ਡਿਪੂ ਵਿੱਚ ਮੌਜੂਦ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਪਹਿਲਾ ਧਰਨਾ PRTC ਦੇ ਚੇਅਰਮੈਨ ਅਤੇ ਐਮਡੀ ਦੇ ਨਿਵਾਸ ਅਤੇ ਹੈੱਡ ਆਫ਼ਿਸ ਦੇ ਬਾਹਰ ਦਿੱਤਾ ਜਾਵੇਗਾ। 
  2. ਕੱਲ੍ਹ CM ਨਿਵਾਸ ਦਾ ਘਿਰਾਓ: ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਮਾਮਲਾ ਅੱਗੇ ਵਧਦਾ ਹੈ, ਤਾਂ 18 ਨਵੰਬਰ ਨੂੰ ਮੁਲਾਜ਼ਮ ਚੰਡੀਗੜ੍ਹ ਪਹੁੰਚ ਕੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ‘ਪੱਕਾ ਧਰਨਾ’ ਦੇਣਗੇ। ਜਥੇਬੰਦੀ ਨੇ ਸਾਰੀਆਂ ਡਿਪੂ ਕਮੇਟੀਆਂ ਨੂੰ ਪੂਰੀ ਤਿਆਰੀ ਨਾਲ ਚੰਡੀਗੜ੍ਹ ਪਹੁੰਚਣ ਲਈ ਕਿਹਾ ਹੈ।