ਬਿਊਰੋ ਰਿਪੋਰਟ (ਤਰਨ ਤਾਰਨ, 14 ਨਵੰਬਰ 2025): ਪੰਜਾਬ ਦੀ ਤਰਨਤਾਰਨ ਵਿਧਾਨ ਸਭਾ ਸੀਟ ਆਮ ਆਦਮੀ ਪਾਰਟੀ (AAP) ਨੇ ਜਿੱਤ ਲਈ ਹੈ। ‘ਆਪ’ ਦੇ ਉਮੀਦਵਾਰ ਹਰਮੀਤ ਸੰਧੂ ਨੇ 12,091 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਨੂੰ ਕੁੱਲ 42,649 ਵੋਟਾਂ ਮਿਲੀਆਂ। ਹਰਮੀਤ ਸੰਧੂ ਚੌਥੀ ਵਾਰ ਇੱਥੋਂ ਵਿਧਾਇਕ ਚੁਣੇ ਗਏ ਹਨ।
ਦੂਜੇ ਨੰਬਰ ’ਤੇ ਸ਼੍ਰੋਮਣੀ ਅਕਾਲੀ ਦਲ (SAD) ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਰਹੀ, ਜਿਨ੍ਹਾਂ ਨੂੰ 30,558 ਵੋਟਾਂ ਮਿਲੀਆਂ। ਤੀਜੇ ਨੰਬਰ ’ਤੇ ਅਕਾਲੀ ਦਲ-ਵਾਰਿਸ ਪੰਜਾਬ ਦੇ ਦੇ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ ਰਹੇ, ਜਿਨ੍ਹਾਂ ਨੂੰ 19,620 ਵੋਟਾਂ ਮਿਲੀਆਂ। ਕਾਂਗਰਸ ਇੱਥੇ ਚੌਥੇ ਨੰਬਰ ’ਤੇ ਰਹੀ, ਉਸ ਨੂੰ 15,078 ਵੋਟਾਂ ਮਿਲੀਆਂ। ਭਾਜਪਾ ਉਮੀਦਵਾਰ 10 ਹਜ਼ਾਰ ਦਾ ਅੰਕੜਾ ਵੀ ਨਹੀਂ ਛੂਹ ਸਕੇ, ਉਨ੍ਹਾਂ ਨੂੰ 6,239 ਵੋਟਾਂ ਮਿਲੀਆਂ।
ਅਰਵਿੰਦ ਕੇਜਰੀਵਾਲ ਦਾ ਬਿਆਨ
ਇਸ ਜਿੱਤ ’ਤੇ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਤਰਨ ਤਾਰਨ ਜ਼ਿਮਨੀ ਚੋਣ ਵਿੱਚ ਮਿਲੀ ਇਸ ਇਤਿਹਾਸਕ ਜਿੱਤ ਨੇ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਦੀ ਜਨਤਾ ਨੂੰ ਕੰਮ ਦੀ ਰਾਜਨੀਤੀ ਅਤੇ ਭਗਵੰਤ ਮਾਨ ਦੀ ਇਮਾਨਦਾਰ ਅਗਵਾਈ ਹੀ ਪਸੰਦ ਹੈ। ਉਨ੍ਹਾਂ ਕਿਹਾ, “ਪੰਜਾਬ ਨੇ ਇੱਕ ਵਾਰ ਫਿਰ ‘ਆਪ’ ’ਤੇ ਆਪਣਾ ਭਰੋਸਾ ਜਤਾਇਆ ਹੈ। ਇਹ ਜਿੱਤ ਜਨਤਾ ਦੀ ਜਿੱਤ ਹੈ, ਮਿਹਨਤ ਕਰਨ ਵਾਲੇ ਹਰ ਵਰਕਰ ਦੀ ਜਿੱਤ ਹੈ।”

