India Punjab

PU ਮੋਰਚਾ – ਰਵਨੀਤ ਬਿੱਟੂ ਦੇ ਬਿਆਨ ’ਤੇ ਵਿਦਿਆਰਥੀਆਂ ਦਾ ਤਿੱਖਾ ਜਵਾਬ

ਬਿਊਰੋ ਰਿਪੋਰਟ (ਚੰਡੀਗੜ੍ਹ, 14 ਨਵੰਬਰ 2025): ਪੰਜਾਬ ਯੂਨੀਵਰਸਿਟੀ (PU) ਵਿੱਚ ਚੱਲ ਰਹੇ ‘ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ’ ਬਾਰੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਦਿੱਤੇ ਗਏ ਵਿਵਾਦਿਤ ਬਿਆਨਾਂ ’ਤੇ ਵਿਦਿਆਰਥੀ ਜਥੇਬੰਦੀ SATH ਨੇ ਸਖ਼ਤ ਇਤਰਾਜ਼ ਜਤਾਇਆ ਹੈ। SATH ਨੇ ਬਿੱਟੂ ਦੇ ਦੋਸ਼ਾਂ ਨੂੰ ‘ਦੁਸ਼ਟ ਪ੍ਰਚਾਰ’ ਕਰਾਰ ਦਿੰਦਿਆਂ ਕਿਹਾ ਕਿ ਉਹ ਆਪਣੀ ਭਾਸ਼ਾ ’ਤੇ ਕੰਟਰੋਲ ਰੱਖਣ, ਨਹੀਂ ਤਾਂ ਉਨ੍ਹਾਂ ਨੂੰ ਵੀ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮੋਰਚੇ ਤੇ ਲਾਏ ਇਲਜ਼ਾਮਾਂ ਦਾ ਕੀਤਾ ਖੰਡਨ

ਦਰਅਸਲ ਬਿੱਟੂ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਸੀ ਕਿ 10 ਤਰੀਕ ਦੇ ਪ੍ਰਦਰਸ਼ਨ ਵਿੱਚ ‘ਗ਼ੈਰ-ਸਰੋਕਾਰ ਵਾਲੇ ਲੋਕ’ ਆਏ, 10 ਸਟੇਜਾਂ ਲੱਗ ਗਈਆਂ ਅਤੇ ਪਤਾ ਨਹੀਂ ਕੌਣ ਘੋੜੇ ਲੈ ਕੇ ਵੜ ਗਿਆ’, ਜਿਸ ’ਤੇ ਹੁਣ SATH ਦੇ ਆਗੂਆਂ ਨੇ ਸਿੱਧਾ ਜਵਾਬ ਦਿੱਤਾ।

ਵਿਦਿਆਰਥੀ ਜਥੇਬੰਦੀ ਨੇ ਇਲਜ਼ਾਮਾਂ ਦਾ ਖੰਡਨ ਕਰਦਿਆਂ ਕਿਹਾ:

  • 10 ਤਰੀਕ ਦੀ ਕਾਲ ਨੂੰ ਜਿੰਨੇ ਵੀ ਲੋਕ ਪੰਜਾਬ ਯੂਨੀਵਰਸਿਟੀ ਆਏ, ਉਹ ਸਾਡੇ ਲੋਕ ਸਨ। ਅਸੀਂ ਆਪ ਉਹਨਾਂ ਨੂੰ ਸੱਦਿਆ ਸੀ। 
  • 10 ਸਟੇਜਾਂ ਲੱਗਣ ਦੀ ਗੱਲ ਨੂੰ ਨਕਾਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਸਿਰਫ਼ ਇੱਕ ਸਟੇਜ ਚੱਲੀ ਸੀ, ਜਿੱਥੋਂ ਸਾਰੇ ਸਤਿਕਾਰਯੋਗ ਲੀਡਰਾਂ ਨੇ ਆਪਣੇ ਵਿਚਾਰ ਰੱਖੇ।
  • ਘੋੜੇ ਲੈ ਕੇ ਆਉਣ ਵਾਲੀਆਂ ਨਿਹੰਗ ਸਿੰਘ ਜਥੇਬੰਦੀਆਂ ਦਾ ਬਚਾਅ ਕਰਦਿਆਂ SATH ਨੇ ਕਿਹਾ ਕਿ ਉਹ ਉਨ੍ਹਾਂ ਲਈ ਸਤਿਕਾਰਯੋਗ ਹਨ ਅਤੇ ਉਨ੍ਹਾਂ ਨੂੰ ਖ਼ੁਦ ਸੱਦਿਆ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਯੂਨੀਵਰਸਿਟੀ ਨਾਲ ਉਨ੍ਹਾਂ ਦਾ ਪੂਰਾ ਸਰੋਕਾਰ ਹੈ ਕਿਉਂਕਿ ਇਹ ਉਹਨਾਂ ਦੀ ਧਰਤੀ ਹੈ।

ਰਵਨੀਤ ਬਿੱਟੂ ਨੂੰ ਸਿੱਧੀ ਚੇਤਾਵਨੀ

SATH ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਆਪਣੀ ਭਾਸ਼ਾ ਬਦਲਣ ਲਈ ਕਿਹਾ। ਉਨ੍ਹਾਂ ਕਿਹਾ, “ਰਵਨੀਤ ਬਿੱਟੂ ਨੂੰ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ, ਵਾਰਨਿੰਗ ਦੇਣਾ ਚਾਹੁੰਦੇ ਹਾਂ ਕਿ ਉਹ ਆਪਦੀ ਭਾਸ਼ਾ ਨੂੰ ਬਦਲੇ, ਆਪਦੀ ਭਾਸ਼ਾ ’ਤੇ ਕੰਟਰੋਲ ਰੱਖੇ। ਜਿਵੇਂ ਕੰਗਣਾ ਇੱਥੇ ਬਠਿੰਡੇ ਗੇੜੇ ਮਾਰਦੀ ਫਿਰਦੀ ਆ ਕੋਰਟ ਦੇ ਵਿੱਚ, ਬਾਅਦ ’ਚ ਕਿਤੇ ਉਹ ਬਿੱਟੂ ਨੂੰ ਨਾ ਮਾਰਨੇ ਪੈਣ।”

ਜਥੇਬੰਦੀ ਨੇ ਇਹ ਵੀ ਕਿਹਾ ਕਿ ਬਿੱਟੂ ਵੱਲੋਂ ਮੀਡੀਆ ਵਿੱਚ ਚਲਾਏ ਜਾ ਰਹੇ ਦੁਸ਼ਟ ਪ੍ਰਚਾਰ ਦੇ ਨਾਲ ਹੀ, ਆਰ.ਐਸ.ਐਸ. ਦੀਆਂ ਕੁਝ ਜਥੇਬੰਦੀਆਂ ਯੂਨੀਵਰਸਿਟੀ ਅੰਦਰ ਵੀ ਅਜਿਹਾ ਪ੍ਰਚਾਰ ਚਲਾ ਰਹੀਆਂ ਹਨ, ਜਿਸ ਦੀ ਉਹ ਨਿਖੇਧੀ ਕਰਦੇ ਹਨ।

 

View this post on Instagram

 

A post shared by Sath (Panjab University) (@pu.sath)