India

ਦਿੱਲੀ ਧਮਾਕੇ ਮਗਰੋਂ ਯਾਤਰੀਆਂ ਲਈ ਸੁਰੱਖਿਆ ਐਡਵਾਈਜ਼ਰੀ ਜਾਰੀ

ਬਿਊਰੋ ਰਿਪੋਰਟ (13 ਨਵੰਬਰ, 2025): ਦਿੱਲੀ ਵਿੱਚ ਹੋਏ ਧਮਾਕੇ ਤੋਂ ਬਾਅਦ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਚੱਲਦਿਆਂ, ਦਿੱਲੀ ਪੁਲਿਸ ਨੇ ਵੀਰਵਾਰ ਨੂੰ ਯਾਤਰੀਆਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਯਾਤਰੀਆਂ ਨੂੰ ਰੇਲਵੇ ਸਟੇਸ਼ਨ, ਮੈਟਰੋ ਸਟੇਸ਼ਨ ਅਤੇ ਏਅਰਪੋਰਟ ’ਤੇ ਸੁਰੱਖਿਆ ਜਾਂਚ ਕਾਰਨ ਹੋਣ ਵਾਲੀ ਦੇਰੀ ਤੋਂ ਬਚਣ ਲਈ ਸਮੇਂ ਤੋਂ ਪਹਿਲਾਂ ਪਹੁੰਚਣ ਲਈ ਕਿਹਾ ਗਿਆ ਹੈ।

ਦਿੱਲੀ ਦੇ ਜੁਆਇੰਟ ਪੁਲਿਸ ਕਮਿਸ਼ਨਰ ਮਿਲਿੰਦ ਡੁੰਬਰੇ ਨੇ ਐਡਵਾਈਜ਼ਰੀ ਵਿੱਚ ਕਿਹਾ ਕਿ ਦਿੱਲੀ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਰੇਲਵੇ ਸਟੇਸ਼ਨਾਂ, ਮੈਟਰੋ ਸਟੇਸ਼ਨਾਂ ਅਤੇ ਏਅਰਪੋਰਟ ’ਤੇ ਯਾਤਰੀਆਂ ਦੀ ਸਖ਼ਤ ਜਾਂਚ ਕੀਤੀ ਜਾ ਰਹੀ ਹੈ।

ਕਿੰਨਾ ਸਮਾਂ ਪਹਿਲਾਂ ਪਹੁੰਚਣ ਦੀ ਸਲਾਹ

  • ਰੇਲਵੇ ਸਟੇਸ਼ਨ: ਟ੍ਰੇਨ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਟ੍ਰੇਨ ਦੇ ਜਾਣ ਦੇ ਸਮੇਂ ਤੋਂ ਘੱਟੋ-ਘੱਟ ਇੱਕ ਘੰਟਾ ਪਹਿਲਾਂ ਸਟੇਸ਼ਨ ਪਹੁੰਚਣ ਲਈ ਕਿਹਾ ਗਿਆ ਹੈ।
  • ਮੈਟਰੋ ਸਟੇਸ਼ਨ: ਦਿੱਲੀ ਮੈਟਰੋ ਰਾਹੀਂ ਜਾਣ ਵਾਲੇ ਲੋਕਾਂ ਨੂੰ 20 ਮਿੰਟ ਪਹਿਲਾਂ ਪਹੁੰਚਣ ਦੀ ਸਲਾਹ ਦਿੱਤੀ ਗਈ ਹੈ।
  • ਏਅਰਪੋਰਟ: ਫਲਾਈਟ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਏਅਰਪੋਰਟ ’ਤੇ ਘੱਟੋ-ਘੱਟ ਤਿੰਨ ਘੰਟੇ ਪਹਿਲਾਂ ਪਹੁੰਚਣ ਦੀ ਸਲਾਹ ਦਿੱਤੀ ਗਈ ਹੈ।

ਦਰਅਸਲ, 10 ਨਵੰਬਰ ਨੂੰ ਲਾਲ ਕਿਲ੍ਹਾ ਕੰਪਲੈਕਸ ਨੇੜੇ ਸਿਗਨਲ ’ਤੇ i20 ਕਾਰ ਵਿੱਚ ਬਲਾਸਟ ਤੋਂ ਬਾਅਦ ਦਿੱਲੀ ਵਿੱਚ ਸੁਰੱਖਿਆ ਜਾਂਚਾਂ ਸਖ਼ਤ ਕਰ ਦਿੱਤੀਆਂ ਗਈਆਂ ਹਨ। ਇਸ ਅੱਤਵਾਦੀ ਘਟਨਾ ਵਿੱਚ 13 ਲੋਕਾਂ ਦੀ ਮੌਤ ਹੋ ਗਈ ਸੀ ਅਤੇ 20 ਲੋਕ ਜ਼ਖ਼ਮੀ ਹੋਏ ਸਨ।

ਅਧਿਕਾਰੀਆਂ ਨੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਐਡਵਾਈਜ਼ਰੀ ਇਸ ਲਈ ਜਾਰੀ ਕੀਤੀ ਗਈ ਹੈ ਤਾਂ ਜੋ ਸੁਰੱਖਿਆ ਜਾਂਚ ਆਸਾਨੀ ਨਾਲ ਹੋ ਸਕੇ ਅਤੇ ਲੋਕਾਂ ਨੂੰ ਆਖ਼ਰੀ ਸਮੇਂ ਵਿੱਚ ਪਰੇਸ਼ਾਨੀ ਨਾ ਹੋਵੇ।