ਬਿਊਰੋ ਰਿਪੋਰਟ (11 ਨਵੰਬਰ 2025): ਮੋਹਾਲੀ ਦੇ ਅਨਮੋਲ ਜਿਊਲਰ ਨੂੰ ਫਿਰੌਤੀ ਲਈ ਫੋਨ ਕਾਲ ਆਈ ਹੈ। ਮੁਲਜ਼ਮ ਨੇ ਫੋਨ ਕਰਕੇ ਧਮਕੀ ਦਿੱਤੀ ਸੀ। ਇਸ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਅਜੂਬਾ ਵਜੋਂ ਹੋਈ ਹੈ, ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਇਹ ਜਾਣਕਾਰੀ ਮੋਹਾਲੀ ਦੇ ਐੱਸ.ਪੀ. ਦਿਲਪ੍ਰੀਤ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਾਡੀਆਂ ਟੀਮਾਂ ਸਾਰੀਆਂ ਚੀਜ਼ਾਂ ਦੀ ਜਾਂਚ ਕਰ ਰਹੀਆਂ ਹਨ।
ਪੁਲਿਸ ਮੁਤਾਬਕ, ਮੁਲਜ਼ਮ ਵੱਲੋਂ ਇਹ ਕਾਲ 4 ਤਾਰੀਖ ਨੂੰ ਕੀਤੀ ਗਈ ਸੀ। ਫੋਨ ਕਾਲ ’ਤੇ ਪੈਸੇ ਮੰਗੇ ਗਏ ਸਨ। ਜਦੋਂ ਮੁਲਜ਼ਮ ਨੇ ਕਾਲ ਕੀਤੀ, ਤਾਂ ਉਸ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਜਾਂਚ ਵਿੱਚ ਜੁਟ ਗਈਆਂ। ਸੱਤ ਦਿਨਾਂ ਦੀ ਜਾਂਚ ਵਿੱਚ ਪਤਾ ਲੱਗਾ ਕਿ ਕਾਲ ਅੰਮ੍ਰਿਤਸਰ ਤੋਂ ਆਈ ਸੀ ਅਤੇ ਕਾਲ ਕਰਨ ਵਾਲਾ ਅਜੂਬਾ ਸੀ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਜਦੋਂ ਵਾਰਦਾਤ ਹੋਈ ਸੀ, ਉਸ ਸਮੇਂ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਪੁਲਿਸ ਅਨੁਸਾਰ, ਮੁਲਜ਼ਮ ਨੇ ਸਿਰਫ਼ ਦੋ ਲੱਖ ਰੁਪਏ ਦੀ ਮੰਗ ਕੀਤੀ ਸੀ। ਪਤਾ ਲੱਗਾ ਹੈ ਕਿ ਮੁਲਜ਼ਮ ਮਜ਼ਦੂਰੀ ਕਰਦਾ ਸੀ। ਪੁਲਿਸ ਹੁਣ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਰ ਉਸ ਨੇ ਅਜਿਹਾ ਕਿਉਂ ਕੀਤਾ। ਉੱਥੇ ਹੀ, ਇਸ ਤਰ੍ਹਾਂ ਦੇ ਹੋਰ ਲੋਕਾਂ ’ਤੇ ਵੀ ਪੁਲਿਸ ਦੀਆਂ ਟੀਮਾਂ ਨਜ਼ਰ ਰੱਖ ਰਹੀਆਂ ਹਨ।

