ਬਿਊਰੋ ਰਿਪੋਰਟ (ਲੁਧਿਆਣਾ, 11 ਨਵੰਬਰ 2025): ਲੁਧਿਆਣਾ ਵਿੱਚ ਮੰਗਲਵਾਰ ਦੁਪਹਿਰ ਕਰੀਬ ਸਵਾ 2 ਵਜੇ ਸਬਜ਼ੀ ਮੰਡੀ ਵਿੱਚ ਅਚਾਨਕ ਪਲਾਸਟਿਕ ਦੀਆਂ ਕ੍ਰੇਟਾਂ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਕੁਝ ਧਮਾਕੇ ਵੀ ਹੋਏ। ਕਈ ਸਬਜ਼ੀ ਵਿਕਰੇਤਾਵਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕੁਝ ਹੀ ਦੇਰ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਲਾਟਾਂ ਦੂਰ-ਦੂਰ ਤੱਕ ਅਸਮਾਨ ਵਿੱਚ ਦਿਖਾਈ ਦੇਣ ਲੱਗੀਆਂ। ਕਈ ਕਿਲੋਮੀਟਰ ਤੱਕ ਧੂੰਏਂ ਦੇ ਗੁਬਾਰ ਨਜ਼ਰ ਆਏ। ਇਹ ਅੱਗ ਫਰੂਟ ਸ਼ੈੱਡ ਨੰਬਰ-30 ਵਿੱਚ ਲੱਗੀ ਹੈ।
ਅੱਗ ਲੱਗਣ ਕਾਰਨ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਵਿੱਚ ਹਫੜਾ-ਦਫੜੀ ਮੱਚ ਗਈ। ਮੰਡੀ ਵਿੱਚ ਸਾਮਾਨ ਖ਼ਰੀਦਣ ਆਏ ਲੋਕ ਵੀ ਇੱਧਰ-ਉੱਧਰ ਭੱਜਣ ਲੱਗੇ। ਹਾਲਾਤ ਵਿਗੜਦੇ ਦੇਖ ਕੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਅੱਗ ਲੱਗਣ ਦੇ ਤੁਰੰਤ ਬਾਅਦ ਦਮਕਲ ਵਿਭਾਗ ਦੀਆਂ ਗੱਡੀਆਂ ਵੀ ਮੌਕੇ ’ਤੇ ਪਹੁੰਚ ਗਈਆਂ।
ਫਾਇਰ ਬ੍ਰਿਗੇਡ ਦੀਆਂ ਕਰੀਬ 2 ਤੋਂ 3 ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਫਾਇਰ ਕਰਮਚਾਰੀਆਂ ਦੇ ਆਉਣ ਤੋਂ ਪਹਿਲਾਂ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਨੇ ਵੀ ਖੁਦ ਅੱਗ ’ਤੇ ਕਾਬੂ ਪਾਉਣ ਦੀ ਕਾਫੀ ਕੋਸ਼ਿਸ਼ ਕੀਤੀ।
ਦੁਕਾਨਦਾਰ ਕੁਲਦੀਪ ਨੇ ਦੱਸਿਆ ਕਿ ਅਚਾਨਕ ਅੱਗ ਦੀ ਚਿੰਗਾਰੀ ਭੜਕ ਗਈ। ਮੈਨੂੰ ਕਿਸੇ ਨੇ ਫੋਨ ਕੀਤਾ ਕਿ ਜਲਦੀ ਆ ਜਾਓ ਅੱਗ ਲੱਗ ਗਈ ਹੈ। ਕਿਸੇ ਤਰ੍ਹਾਂ ਅਸੀਂ ਆਪਣਾ ਸਾਮਾਨ ਬਚਾਇਆ। ਇੱਕ ਵਾਹਨ ਵੀ ਸੜ ਗਿਆ ਹੈ। ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਕਰੀਬ 2 ਤੋਂ 3 ਖੋਖੇ ਫਰੂਟ ਵਿਕਰੇਤਾਵਾਂ ਦੇ ਸੜੇ ਹਨ। ਕੁਝ ਸਿਲੰਡਰ ਵੀ ਅੱਗ ਲੱਗਣ ਕਾਰਨ ਫਟੇ ਹਨ।

