Punjab

ਤਰਨਤਾਰਨ ਜ਼ਿਮਨੀ ਚੋਣਾਂ ਲਈ ਪ੍ਰਚਾਰ ਦਾ ਅੱਜ ਆਖ਼ਰੀ ਦਿਨ

ਤਰਨਤਾਰਨ ਜ਼ਿਮਨੀ ਚੋਣ, ਜੋ 11 ਨਵੰਬਰ ਨੂੰ ਹੋਣ ਜਾ ਰਹੀ ਹੈ, ਲਈ ਚੋਣ ਪ੍ਰਚਾਰ ਅੱਜ 9 ਨਵੰਬਰ ਸ਼ਾਮ ਨੂੰ ਖਤਮ ਹੋ ਜਾਵੇਗਾ। ਅੱਜ ਪ੍ਰਚਾਰ ਦਾ ਆਖਰੀ ਦਿਨ ਹੋਣ ਕਾਰਨ ਸਾਰੀਆਂ ਪਾਰਟੀਆਂ ਰੈਲੀਆਂ ਅਤੇ ਰੋਡ ਸ਼ੋਅ ਵਿੱਚ ਜੁਟੀਆਂ ਹੋਈਆਂ ਹਨ।ਕਾਂਗਰਸ, ਭਾਜਪਾ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਪੂਰੀ ਤਰ੍ਹਾਂ ਰੁੱਝੇ ਹੋਏ ਹਨ।

ਕਾਂਗਰਸੀ ਉਮੀਦਵਾਰ

ਕਾਂਗਰਸ ਪਾਰਟੀ ਨੇ ਪੇਸ਼ੇ ਤੋਂ ਵਕੀਲ ਸਿਆਸਤਦਾਨ ਕਰਨਬੀਰ ਸਿੰਘ ਬੁਰਜ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਕਰਨਬੀਰ ਸਿੰਘ ਬੁਰਜ ਪਹਿਲੀ ਵਾਰ ਚੋਣ ਮੈਦਾਨ ਵਿੱਚ ਉੱਤਰ ਰਹੇ ਹਨ। ਹਾਲਾਂਕਿ ਉਹ ਆਪਣੇ ਪੰਥਕ ਪਰਿਵਾਰ ਨਾਲ ਸਬੰਧਿਤ ਹੋਣ ਦਾ ਹਵਾਲਾ ਦਿੰਦੇ ਹਨ। ਉਹ ਭਾਸ਼ਣਾਂ ਵਿੱਚ ਇਲਾਕੇ ਦੀ ਬਿਹਤਰੀ ਲਈ ਹਰ ਵੇਲੇ ਮੌਜੂਦ ਰਹਿਣ ਦੀ ਗੱਲ ਕਰਦੇ ਸੁਣੇ ਗਏ ਹਨ।

ਕਰਨਬੀਰ ਸਿੰਘ ਦੇ ਦਾਦਾ ਮਰਹੂਮ ਜਵਾਹਰ ਸਿੰਘ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ। ਉਨ੍ਹਾਂ ਦੇ ਪਿਤਾ ਜਸਬੀਰ ਸਿੰਘ ਬੁਰਜ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਰਹਿ ਚੁੱਕੇ ਹਨ। ਹਾਲਾਂਕਿ ਉਹ ਚੋਣ ਨਹੀਂ ਲੜ ਸਕੇ ਕਿਉਂਕਿ ਅਟਾਰੀ ਸੀਟ ਜਿਸ ਇਲਾਕੇ ਵਿੱਚ ਉਹ ਕੰਮ ਕਰਦੇ ਸਨ ਅਨੁਸੂਚਿਤ ਜਾਤੀ ਲਈ ਰਾਂਖਵੀ ਸੀਟ ਸੀ।

2015 ਵਿੱਚ ਪਿਤਾ ਦੇ ਦੇਹਾਂਤ ਤੋਂ ਬਾਅਦ ਕਰਨਬੀਰ ਸਿੰਘ ਸਿਆਸਤ ਵਿੱਚ ਸਰਗਰਮ ਹੋਏ।

ਆਮ ਆਦਮੀ ਪਾਰਟੀ

ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਆਸ ਹਰਮੀਤ ਸਿੰਘ ਸੰਧੂ ਉੱਤੇ ਹੈ। ਸਿਆਸਤ ਵਿੱਚ ਲੰਬੀ ਪਾਰੀ ਖੇਡ ਚੁੱਕੇ ਹਰਮੀਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਸੰਧੂ ਨੇ 2022 ਦੀ ਵਿਧਾਨ ਸਭਾ ਚੋਣ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਤਰਨ ਤਾਰਨ ਹਲਕੇ ਤੋਂ ਲੜੀ ਸੀ ਪਰ ਉਹ ‘ਆਪ’ ਉਮੀਦਵਾਰ ਡਾਕਟਰ ਕਸ਼ਮੀਰ ਸਿੰਘ ਸੋਹਲ ਤੋਂ ਹਾਰ ਗਏ ਸਨ।

ਭਾਜਪਾ

ਭਾਰਤੀ ਜਨਤਾ ਪਾਰਟੀ ਵੱਲੋਂ ਵੀ ਤਰਨ ਤਾਰਨ ਤੋਂ ਚੋਣ ਮੈਦਾਨ ਵਿੱਚ ਇੱਕ ਸਿੱਖ ਚਿਹਰਾ ਉਤਾਰਨ ਨੂੰ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਇੱਕ ਪੁਰਾਣੇ ਸਿਆਸਤਦਾਨ ਹਨ। ਹਰਜੀਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਤੋਂ ਭਾਜਪਾ ਵਿੱਚ ਆਏ ਹਨ। ਉਨ੍ਹਾਂ ਨੇ 2007 ਵਿੱਚ ਯੂਥ ਅਕਾਲੀ ਦਲ ਦੇ ਮੈਂਬਰ ਵਜੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ।

2022 ਤੱਕ ਉਹ ਅਕਾਲੀ ਦਲ ਲਈ ਕੰਮ ਕਰਦੇ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ ਭਾਜਪਾ ਦਾ ਲੜ ਫੜਿਆ ਅਤੇ ਮੰਨਿਆ ਜਾਂਦਾ ਹੈ ਕਿ ਤਰਨ ਤਾਰਨ ਇਲਾਕੇ ਵਿੱਚ ਭਾਜਪਾ ਦੀ ਮੈਂਬਰਸ਼ਿਪ ਵਧਾਉਣ ਵਿੱਚ ਉਨ੍ਹਾਂ ਨੇ ਅਹਿਮ ਯੋਗਦਾਨ ਪਾਇਆ ਹੈ।

ਸ਼੍ਰੋਮਣੀ ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ ਵੱਲੋਂ ਪੇਸ਼ੇ ਤੋਂ ਅਧਿਆਪਕਾ ਸੁਖਵਿੰਦਰ ਕੌਰ ਰੰਧਾਵਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਪੰਥਕ ਸੀਟ ਮੰਨੀ ਜਾਂਦੀ ਤਰਨ ਤਾਰਨ ਸੀਟ ’ਤੇ ਅਜ਼ਾਦੀ ਤੋਂ ਬਾਅਦ ਬਹੁਤ ਸਮਾਂ ਅਕਾਲੀ ਦਲ ਹੀ ਕਾਬਜ਼ ਰਿਹਾ ਹੈ। ਪਰ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਇਸ ਹਲਕੇ ਤੋਂ ਅਕਾਲੀ ਦਲ ਨੇ ਲਗਾਤਾਰ ਹਾਰੀਆਂ ਹਨ।

2022 ਵਿੱਚ ਅਕਾਲੀ ਦਲ ਤੋਂ ਚੋਣ ਲੜਨ ਵਾਲੇ ਉਮੀਦਵਾਰ ਹਰਮੀਤ ਸਿੰਘ ਸੰਧੂ ਇਸ ਵਾਰ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਮੈਦਾਨ ਵਿੱਚ ਹਨ ਅਤੇ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੂੰ ਟੱਕਰ ਦੇਣਗੇ। ਜੇਬੀਟੀ ਅਧਿਆਪਕਾ ਰਿਟਾਇਰ ਹੋਏ ਸੁਖਵਿੰਦਰ ਕੌਰ ਦਾ ਸਿਆਸੀ ਸਫ਼ਰ ਬਹੁਤਾ ਲੰਬਾ ਨਹੀਂ ਹੈ। ਹਾਲਾਂਕਿ ਉਨ੍ਹਾਂ ਦਾ ਪਰਿਵਾਰ ਸਿਆਸੀ ਤੌਰ ਉੱਤੇ ਇੱਕ ਸਰਗਰਮ ਪਰਿਵਾਰ ਹੈ।

ਆਜ਼ਾਦ ਉਮੀਦਵਾਰ

ਇਸ ਸੀਟ ਤੋਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜਨ ਵਾਲੇ ਮਨਦੀਪ ਸਿੰਘ ਖਾਲਸਾ ਪੰਥਕ ਸਰੋਕਾਰਾਂ ਦੀ ਗੱਲ ਕਰਦੇ ਹਨ। ਮਨਦੀਪ ਸਿੰਘ ਖਾਲਸਾ ਨੂੰ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਤੇ ਖਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਐਲਾਨੀ ਗਈ ਪਾਰਟੀ ਅਕਾਲੀ ਦਲ (ਵਾਰਿਸ ਪੰਜਾਬ) ਸਣੇ ਹੋਰ ਪੰਥਕ ਧਿਰਾਂ ਦੀ ਵੀ ਹਮਾਇਤ ਪ੍ਰਾਪਤ ਹੈ। ਚੋਣ ਪ੍ਰਚਾਰ ਦੌਰਾਨ ਇਲਾਕੇ ਵਿੱਚ ਲਗਾਏ ਗਏ ਉਨ੍ਹਾਂ ਦੇ ਵੋਟ ਅਪੀਲ ਪੋਸਟਰਾਂ ਉੱਤੇ ਵੀ ਅਮ੍ਰਿਤਪਾਲ ਦੀ ਤਸਵੀਰ ਨਜ਼ਰ ਆਉਂਦੀ ਹੈ।