International

ਪਾਕਿਸਤਾਨ-ਅਫਗਾਨਿਸਤਾਨ ਗੱਲਬਾਤ ਨਾਕਾਮ, ਤਾਲਿਬਾਨ ਸਰਕਾਰ ਨੇ ਜਾਰੀ ਕੀਤੀ ਇਹ ਚੇਤਾਵਨੀ

ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਤੁਰਕੀ ਵਿੱਚ ਹੋਈਆਂ ਗੱਲਬਾਤਾਂ ਦੀ ਅਸਫਲਤਾ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਤਾਲਿਬਾਨ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਇਸਤਾਂਬੁਲ ਵਿੱਚ ਪਾਕਿਸਤਾਨੀ ਵਫ਼ਦ ਨੇ ਆਪਣੀ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਅਫਗਾਨਿਸਤਾਨ ‘ਤੇ ਪਾਉਣ ਦੀ ਕੋਸ਼ਿਸ਼ ਕੀਤੀ, ਜਦਕਿ ਆਪਣੇ ਖੇਤਰ ਤੋਂ ਅਫਗਾਨਿਸਤਾਨ ਵਿਰੁੱਧ ਕਾਰਵਾਈਆਂ ਦੀ ਕੋਈ ਜ਼ਿੰਮੇਵਾਰੀ ਸਵੀਕਾਰ ਨਹੀਂ ਕੀਤੀ।

ਮੁਜਾਹਿਦ ਨੇ ਕਿਹਾ ਕਿ ਤਾਲਿਬਾਨ ਦੇ ਚੰਗੇ ਇਰਾਦਿਆਂ ਅਤੇ ਵਿਚੋਲਿਆਂ ਦੇ ਯਤਨਾਂ ਦੇ ਬਾਵਜੂਦ, ਪਾਕਿਸਤਾਨੀ ਵਫ਼ਦ ਦੇ ਗੈਰ-ਜ਼ਿੰਮੇਵਾਰਾਨਾ ਵਿਵਹਾਰ ਕਾਰਨ ਗੱਲਬਾਤ ਨਤੀਜੇ ‘ਤੇ ਨਹੀਂ ਪਹੁੰਚ ਸਕੀ। ਉਨ੍ਹਾਂ ਸਪੱਸ਼ਟ ਕੀਤਾ ਕਿ ਅਫਗਾਨ ਧਰਤੀ ਕਿਸੇ ਵੀ ਦੇਸ਼ ਵਿਰੁੱਧ ਵਰਤੋਂ ਲਈ ਨਹੀਂ ਦਿੱਤੀ ਜਾਵੇਗੀ ਅਤੇ ਨਾ ਹੀ ਕਿਸੇ ਨੂੰ ਅਫਗਾਨਿਸਤਾਨ ਦੀ ਪ੍ਰਭੂਸੱਤਾ, ਆਜ਼ਾਦੀ ਜਾਂ ਸੁਰੱਖਿਆ ਵਿਰੁੱਧ ਕਾਰਵਾਈਆਂ ਦੀ ਇਜਾਜ਼ਤ ਹੋਵੇਗੀ।

ਉਨ੍ਹਾਂ ਪਾਕਿਸਤਾਨੀ ਲੋਕਾਂ ਨੂੰ ਅਫਗਾਨਾਂ ਦੇ ਭਰਾ ਦੱਸਦਿਆਂ ਉਨ੍ਹਾਂ ਦੀ ਭਲਾਈ ਤੇ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਅਤੇ ਆਪਣੀ ਯੋਗਤਾ ਅਨੁਸਾਰ ਸਹਿਯੋਗ ਜਾਰੀ ਰੱਖਣ ਦਾ ਵਾਅਦਾ ਕੀਤਾ। ਨਾਲ ਹੀ, ਅਫਗਾਨ ਲੋਕਾਂ ਦੀ ਰੱਖਿਆ ਨੂੰ ਤਾਲਿਬਾਨ ਦੀ ਰਾਸ਼ਟਰੀ ਤੇ ਕਾਨੂੰਨੀ ਜ਼ਿੰਮੇਵਾਰੀ ਦੱਸਿਆ ਅਤੇ ਕਿਸੇ ਵੀ ਹਮਲੇ ਦਾ ਪੂਰੀ ਤਾਕਤ ਨਾਲ ਮੁਕਾਬਲਾ ਕਰਨ ਦੀ ਗੱਲ ਕਹੀ।