Punjab Religion

ਕਥਿਤ ਬਾਬੇ ਨੇ ਬਜ਼ੁਰਗ ਔਰਤ ਦੀ ਆਕਸੀਜਨ ਨਲੀ ਹਟਵਾਈ, ਫਿਰ ਕਿਹਾ “ਅੱਜ ਕੋਈ ਰਾਹ ਨਹੀਂ ਦਿੱਖ ਰਿਹਾ”

ਬਿਊਰੋ ਰਿਪੋਰਟ (6 ਨਵੰਬਰ 2025): ਮੋਗਾ ਜ਼ਿਲ੍ਹੇ ਵਿੱਚ ਕਥਿਤ ਬਾਬਾ ਸ਼ਿਵਮ ਨਾਥ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਵੱਡਾ ਵਿਵਾਦ ਖੜਾ ਹੋ ਗਿਆ ਹੈ। ਵੀਡੀਓ ਵਿੱਚ ਬਾਬਾ ਇੱਕ ਬੁਜ਼ੁਰਗ ਮਹਿਲਾ ਦੀ ਆਕਸੀਜਨ ਨਲੀ ਹਟਵਾਉਂਦਾ ਨਜ਼ਰ ਆ ਰਿਹਾ ਹੈ। ਭਰੇ ਦਰਬਾਰ ਵਿੱਚ ਬਾਬਾ ਨੇ ਟੋਟਕੇ ਕਰਕੇ ਮਹਿਲਾ ਦੇ ਮੂੰਹ ’ਤੇ ਲੱਗੀ ਆਕਸੀਜਨ ਸਿਲੰਡਰ ਦੀ ਨਲੀ ਉਤਰਵਾ ਦਿੱਤੀ। ਕੁਝ ਹੀ ਪਲਾਂ ਬਾਅਦ ਮਹਿਲਾ ਦੀ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ। ਇਹ ਦੇਖ ਕੇ ਬਾਬਾ ਨੇ ਕਿਹਾ ਕਿ “ਅੱਜ ਬਾਬਾ ਨੂੰ ਕੋਈ ਰਾਹ ਨਹੀਂ ਦਿੱਖ ਰਿਹਾ।”

ਜਿਵੇਂ ਹੀ ਮਹਿਲਾ ਦੀ ਹਾਲਤ ਵਿਗੜਣ ਲੱਗੀ, ਉਸਦੀ ਆਕਸੀਜਨ ਨਲੀ ਦੁਬਾਰਾ ਲਗਾ ਦਿੱਤੀ ਗਈ। ਇਸ ਤੋਂ ਬਾਅਦ ਬਾਬਾ ਨੇ ਕੁਝ ਟੋਟਕੇ ਦੱਸਦੇ ਹੋਏ ਕਿਹਾ ਕਿ ਜੇ ਇਹ ਉਪਾਏ ਕੀਤੇ ਜਾਣ, ਤਾਂ ਮਹਿਲਾ ਠੀਕ ਹੋ ਜਾਵੇਗੀ, ਨਹੀਂ ਤਾਂ ਉਸਦਾ ਅੰਤ ਹੋ ਜਾਵੇਗਾ। ਬਾਬਾ ਨੇ ਮਹਿਲਾ ਨੂੰ ਕਿਹਾ ਕਿ “ਜਾ ਕੇ ਡਾਕਟਰ ਨੂੰ ਆਪ ਕਹੇਗੀ ਕਿ ਮੈਂ ਠੀਕ ਹਾਂ, ਮੇਰੀ ਨਲੀ ਹਟਾ ਦੇ।”

ਵੀਡੀਓ ਵਿੱਚ ਬਾਬਾ ਸਿਗਰਟ ਪੀਂਦਿਆਂ ਮਹਿਲਾ ਨਾਲ ਗੱਲ ਕਰਦਾ ਅਤੇ ਕਈ ਵਾਰ ਉਸਦੇ ਸਿਰ ਤੇ ਹੱਥ ਰੱਖ ਕੇ ਫੂਕ ਮਾਰਦਾ ਦਿੱਖਾਈ ਦੇ ਰਿਹਾ ਹੈ। ਹਾਲਾਂਕਿ ਜਦ ਮਹਿਲਾ ਹਾਫਣ ਲੱਗੀ, ਤਾਂ ਬਾਬਾ ਨੇ ਆਖਰਕਾਰ ਕਿਹਾ ਕਿ “ਉਸਨੂੰ ਆਕਸੀਜਨ ਦੀ ਨਲੀ ਮੁੜ ਲਗਾ ਦਿਓ।” ਇਸ ਤੋਂ ਬਾਅਦ ਬਾਬਾ ਨੇ ਦਾਅਵਾ ਕੀਤਾ ਕਿ ਉਸਨੂੰ ਅੱਜ ਕੋਈ ਆਤਮਿਕ ਰਾਹਦਾਰੀ ਪ੍ਰਾਪਤ ਨਹੀਂ ਹੋਈ ਅਤੇ ਇਸ ਲਈ ਉਹ ਮਹਿਲਾ ਦਾ ਇਲਾਜ ਨਹੀਂ ਕਰ ਸਕਿਆ।

ਬਾਬਾ ਸ਼ਿਵਮ ਨਾਥ ਦਾ ਡੇਰਾ ਮੋਗਾ ਦੇ ਕੋਟਕਪੂਰਾ ਬਾਈਪਾਸ ਦੇ ਨੇੜੇ ਸਥਿਤ ਹੈ, ਜਿੱਥੇ ਉਹ ਹਰ ਵੀਰਵਾਰ ਨੂੰ ਚੌਕੀ ਲਗਾਉਂਦਾ ਹੈ। ਡੇਰੇ ਵਿੱਚ ਆਉਣ ਵਾਲੇ ਲੋਕਾਂ ਦੇ ਇਲਾਜ ਦੀਆਂ ਵੀਡੀਓਜ਼ ਰਿਕਾਰਡ ਕਰਕੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੀਆਂ ਜਾਂਦੀਆਂ ਹਨ।
ਸ਼ਿਵ ਸੇਨਾ ਨਾਲ ਜੁੜੇ ਇੱਕ ਸਥਾਨਕ ਨੇਤਾ ਅਨੁਸਾਰ, ਬਾਬਾ ਪਿਛਲੇ 8-9 ਸਾਲਾਂ ਤੋਂ “ਸੇਵਾ” ਕਰ ਰਿਹਾ ਹੈ ਅਤੇ ਕਿਸੇ ਤੋਂ ਕੁਝ ਨਹੀਂ ਮੰਗਦਾ। ਜੋ ਵੀ ਸ਼ਰਧਾ ਨਾਲ ਦਿੰਦਾ ਹੈ, ਉਹੀ ਲੈਂਦਾ ਹੈ। ਬਾਬਾ ਕਾਲੀ ਮਾਤਾ ਅਤੇ ਪੀਰ ਬਾਬਾ ਦੀ ਉਪਾਸਨਾ ਕਰਦਾ ਹੈ। ਜਾਣਕਾਰੀ ਅਨੁਸਾਰ, ਬਾਬੇ ਦਾ ਪਹਿਲਾਂ ਵੀ ਨਿਹੰਗਾਂ ਨਾਲ ਵਿਵਾਦ ਹੋ ਚੁੱਕਾ ਹੈ।