ਬਿਊਰੋ ਰਿਪੋਰਟ (31 ਅਕਤੂਬਰ 2025): FASTag ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਅਤੇ ਸੁਰੱਖਿਅਤ ਬਣਾਉਣ ਲਈ, ਸਰਕਾਰ ਨੇ ਹੁਣ KYC (Know Your Customer) ਤੋਂ ਬਾਅਦ KYV (Know Your Vehicle) (ਆਪਣੇ ਵਾਹਨ ਨੂੰ ਜਾਣੋ) ਨਿਯਮ ਲਾਗੂ ਕਰ ਦਿੱਤਾ ਹੈ। ਇਹ ਨਵੀਂ ਪ੍ਰਕਿਰਿਆ 1 ਨਵੰਬਰ 2024 ਤੋਂ ਸਾਰੇ FASTag ਉਪਭੋਗਤਾਵਾਂ ਲਈ ਲਾਜ਼ਮੀ ਕਰ ਦਿੱਤੀ ਗਈ ਹੈ, ਜਿਸ ਨਾਲ ਵਾਹਨ ਮਾਲਕਾਂ ਦੀ ਪ੍ਰੇਸ਼ਾਨੀ ਵਧ ਗਈ ਹੈ।
KYV ਕਿਉਂ ਅਤੇ ਕੀ ਹੈ?
ਇਹ ਨਿਯਮ NHAI (ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ) ਵੱਲੋਂ ਲਾਗੂ ਕੀਤਾ ਗਿਆ ਹੈ। ਇਸ ਦਾ ਮੁੱਖ ਉਦੇਸ਼ FASTag ਦੀ ਦੁਰਵਰਤੋਂ (ਜਿਵੇਂ ਕਿ ਟਰੱਕ ਡਰਾਈਵਰਾਂ ਵੱਲੋਂ ਘੱਟ ਟੋਲ ਦੇਣ ਲਈ ਕਾਰਾਂ ਦੇ FASTag ਦੀ ਵਰਤੋਂ) ਨੂੰ ਰੋਕਣਾ ਅਤੇ “ਇੱਕ ਵਾਹਨ, ਇੱਕ ਟੈਗ” ਨਿਯਮ ਨੂੰ ਸਖ਼ਤੀ ਨਾਲ ਲਾਗੂ ਕਰਨਾ ਹੈ।
ਇਸ ਤਰ੍ਹਾਂ ਕਰਨਾ ਹੋਵੇਗਾ KYV
KYV ਪ੍ਰਕਿਰਿਆ ਵਿੱਚ, ਹਰ FASTag ਨੂੰ ਉਸਦੇ ਵਾਹਨ ਰਜਿਸਟ੍ਰੇਸ਼ਨ ਨੰਬਰ (VRN) ਅਤੇ ਚੈਸਿਸ ਨੰਬਰ ਨਾਲ ਲਿੰਕ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ, ਉਪਭੋਗਤਾਵਾਂ ਨੂੰ ਇਹ ਦਸਤਾਵੇਜ਼/ਫੋਟੋਆਂ ਅੱਪਲੋਡ ਕਰਨੀਆਂ ਪੈਣਗੀਆਂ:
- ਗੱਡੀ ਦਾ ਸਾਹਮਣੇ ਦਾ ਫੋਟੋ, ਜਿਸ ਵਿੱਚ FASTag ਅਤੇ ਨੰਬਰ ਪਲੇਟ ਸਾਫ਼ ਦਿਸਦੀ ਹੋਵੇ
- ਗੱਡੀ ਦਾ ਇੱਕ ਸਾਈਡ ਫੋਟੋ, ਜਿਸ ਵਿੱਚ ਪਹੀਏ (ਐਕਸਲ) ਨਜ਼ਰ ਆਉਣ
- ਵਾਹਨ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ (RC)
ਜੇਕਰ ਉਪਭੋਗਤਾ KYV ਪ੍ਰਕਿਰਿਆ ਪੂਰੀ ਨਹੀਂ ਕਰਦੇ ਹਨ, ਤਾਂ ਉਨ੍ਹਾਂ ਦਾ FASTag ਆਪਣੇ-ਆਪ ਡਿਐਕਟੀਵੇਟ (Deactivate) ਹੋ ਜਾਵੇਗਾ। ਇਹ ਪ੍ਰਕਿਰਿਆ ਸਿਸਟਮ ਨੂੰ ਅਪਡੇਟ ਰੱਖਣ ਲਈ ਹਰ ਤਿੰਨ ਸਾਲਾਂ ਬਾਅਦ ਦੁਹਰਾਉਣੀ ਪਵੇਗੀ।


 
																		 
																		 
																		 
																		 
																		