India Punjab

ਸਰਪੰਚੀ ਚੋਣ ਪਿੱਛੇ ਨੌਜਵਾਨ ਦੀ ਕੁੱਟਮਾਰ, ਪੰਜਾਬ ਦੇ ‘ਆਪ’ ਵਿਧਾਇਕ ਸਣੇ 11 ਖਿਲਾਫ਼ ਕੇਸ ਦਰਜ

ਬਿਊਰੋ ਰਿਪੋਰਟ (ਕੈਥਲ, 29 ਅਕਤੂਬਰ 2025): ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਖਰਕਾਂ ਇਲਾਕੇ ਵਿੱਚ ਸਰਪੰਚੀ ਚੋਣਾਂ ਦੀ ਪੁਰਾਣੀ ਰੰਜਿਸ਼ ਕਾਰਨ ਇੱਕ ਨੌਜਵਾਨ ਨੂੰ ਅਗਵਾਹ ਕਰਕੇ ਉਸ ਦੀਆਂ ਲੱਤਾਂ ਤੋੜਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ।

ਇਸ ਮਾਮਲੇ ਵਿੱਚ ਪੰਜਾਬ ਦੇ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਕੁਲਵੰਤ ਬਾਜ਼ੀਗਰ ਸਮੇਤ ਕੁੱਲ 11 ਲੋਕਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਘਟਨਾ ਅਤੇ ਇਲਜ਼ਾਮ

ਸ਼ਿਕਾਇਤਕਰਤਾ ਨੌਜਵਾਨ ਅਨੁਸਾਰ, ਉਹ ਮੰਗਲਵਾਰ ਸਵੇਰੇ ਆਪਣੇ ਦੋਸਤ ਨਾਲ ਪਿੰਡ ਖਰਕਾਂ ਬੱਜਰੀ ਲੈਣ ਗਿਆ ਸੀ। ਵਾਪਸ ਆਉਂਦੇ ਸਮੇਂ ਇੱਕ ਚਿੱਟੀ ਸਵਿਫਟ ਕਾਰ ਵਿੱਚ ਸਵਾਰ ਚਾਰ ਹਥਿਆਰਬੰਦ ਨੌਜਵਾਨਾਂ ਨੇ ਪਿਸਤੌਲ ਦੀ ਨੋਕ ’ਤੇ ਉਸ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਲਿਆ। ਉਸ ਨੇ ਇਲਜ਼ਾਮ ਲਾਇਆ ਕਿ ਦੋ ਹੋਰ ਵਿਅਕਤੀ ਮੌਕੇ ’ਤੇ ਉਸ ਦੀ ਰੇਕੀ ਕਰ ਰਹੇ ਸਨ।

ਨਹਿਰ ਕੰਢੇ ਕਾਰ ਰੋਕ ਕੇ ਮੁਲਜ਼ਮਾਂ ਨੇ ਉਸ ਨੂੰ ਬਾਹਰ ਕੱਢਿਆ। ਉਸ ਸਮੇਂ ਇੱਕ ਮੁਲਜ਼ਮ ਦੇ ਮੋਬਾਈਲ ’ਤੇ ਵੀਡੀਓ ਕਾਲ ਆਈ, ਜਿਸ ਵਿੱਚ ਕਥਿਤ ਤੌਰ ’ਤੇ ਵਿਧਾਇਕ ਦਾ ਪੁੱਤਰ ਦਿਖਾਈ ਦੇ ਰਿਹਾ ਸੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਦੀਆਂ ਲੱਤਾਂ ਤੋੜ ਦਿੱਤੀਆਂ।

ਬਿਆਨ ਦਿੰਦਾ ਹੋਇਆ ਪੀੜਤ ਨੌਜਵਾਨ

 

ਰੰਜਿਸ਼ ਦਾ ਕਾਰਨ

ਪੁਲਿਸ ਅਨੁਸਾਰ, ਇਹ ਵਿਵਾਦ ਪੁਰਾਣੀ ਸਰਪੰਚੀ ਚੋਣ ਦੀ ਰੰਜਿਸ਼ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਵਿਧਾਇਕ ਕੁਲਵੰਤ ਬਾਜ਼ੀਗਰ ਦਾ ਭਰਾ ਵੀ ਉਮੀਦਵਾਰ ਸੀ। ਚੋਣਾਂ ਤੋਂ ਬਾਅਦ ਦੋਹਾਂ ਧਿਰਾਂ ਵਿਚਾਲੇ ਤਣਾਅ ਚੱਲ ਰਿਹਾ ਸੀ ਅਤੇ ਕੁਝ ਮਾਮਲੇ ਅਦਾਲਤ ਵਿੱਚ ਵੀ ਪੈਂਡਿੰਗ ਹਨ।

ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੇ ਯਤਨ ਜਾਰੀ ਹਨ।