ਬਿਊਰੋ ਰਿਪੋਰਟ (ਚੰਡੀਗੜ੍ਹ, 29 ਅਕਤੂਬਰ 2025): ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਅਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਦੇ ਪੁੱਤਰ ਅਕੀਲ ਅਖ਼ਤਰ ਦੀ ਪੰਚਕੂਲਾ ਸਥਿਤ ਘਰ ਵਿੱਚ ਹੋਈ ਮੌਤ ਦਾ ਮਾਮਲਾ ਉਲਝਦਾ ਜਾ ਰਿਹਾ ਹੈ। ਪਤੀ ਅਕੀਲ ਦੀ ਮੌਤ ਅਤੇ ਇਸ ਤੋਂ ਬਾਅਦ ਦਰਜ ਹੋਏ ਕਤਲ ਅਤੇ ਸਾਜ਼ਿਸ਼ ਦੇ ਕੇਸ ਵਿੱਚ ਨਾਮਜ਼ਦ ਹੋਣ ਤੋਂ ਬਾਅਦ, ਉਸ ਦੀ ਪਤਨੀ ਜ਼ੈਨਬ ਅਖ਼ਤਰ ਨੇ ਆਪਣੀ ਚੁੱਪੀ ਤੋੜੀ ਹੈ ਤੇ ਉਸਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਜ਼ੈਨਬ ਅਖ਼ਤਰ ਨੇ ਇਸ ਪੂਰੇ ਮਾਮਲੇ ਵਿੱਚ ‘ਸਿਸਟਮ’ ’ਤੇ ਇਲਜ਼ਾਮ ਲਾਏ ਹਨ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਪਤੀ ਦੇ ਜਾਣ ਦਾ ਗ਼ਮ ਹੈ, ਪਰ ਨਾਲ ਹੀ ਉਨ੍ਹਾਂ ਨੂੰ ਹੁਣ ਇੱਕ ਤਰ੍ਹਾਂ ਦੀ ਸ਼ਾਂਤੀ ਮਹਿਸੂਸ ਹੋ ਰਹੀ ਹੈ। ਜ਼ੈਨਬ ਨੇ ਇਲਜ਼ਾਮ ਲਾਇਆ ਹੈ ਕਿ ਸਿਸਟਮ ਅਤੇ ਪਰਿਵਾਰ ਦੇ ਅੰਦਰੂਨੀ ਪ੍ਰਭਾਵ ਕਾਰਨ ਉਸ ’ਤੇ ਅਤੇ ਉਨ੍ਹਾਂ ਦੇ ਪਰਿਵਾਰ ’ਤੇ ਨਾਜਾਇਜ਼ ਦਬਾਅ ਬਣਾਇਆ ਗਿਆ।
ਦੱਸਣਯੋਗ ਹੈ ਕਿ ਅਕੀਲ ਅਖ਼ਤਰ ਦੀ ਮੌਤ ਤੋਂ ਬਾਅਦ, ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਅਕੀਲ ਨੇ ਆਪਣੇ ਪਿਤਾ, ਮਾਂ, ਭੈਣ ਅਤੇ ਪਤਨੀ (ਜ਼ੈਨਬ) ’ਤੇ ਉਸਨੂੰ ਪ੍ਰੇਸ਼ਾਨ ਕਰਨ ਦੇ ਗੰਭੀਰ ਇਲਜ਼ਾਮ ਲਾਏ ਸਨ। ਇਸ ਵੀਡੀਓ ਦੇ ਆਧਾਰ ’ਤੇ ਹੀ ਹਰਿਆਣਾ ਪੁਲਿਸ ਨੇ ਪਰਿਵਾਰ ਦੇ ਚਾਰ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਹੁਣ ਹਰਿਆਣਾ ਸਰਕਾਰ ਨੇ ਇਸ ਸੰਵੇਦਨਸ਼ੀਲ ਮਾਮਲੇ ਦੀ ਜਾਂਚ ਸੀਬੀਆਈ (CBI) ਨੂੰ ਸੌਂਪਣ ਦੀ ਸਿਫਾਰਸ਼ ਕੀਤੀ ਹੈ।

