ਬਿਊਰੋ ਰਿਪੋਰਟ (ਅੰਮ੍ਰਿਤਸਰ, 25 ਅਕਤੂਬਰ 2025): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਦਸਤਾਰਬੰਦੀ ਸਮਾਗਮ ਅੱਜ ਸਿੱਖ ਪੰਥ ਦੀਆਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਵੱਖ-ਵੱਖ ਸੰਪਰਦਾਵਾਂ, ਸੰਤ ਸਮਾਜ, ਟਕਸਾਲ ਅਤੇ ਸਭਾ ਸੁਸਾਇਟੀਆਂ ਦੀ ਹਾਜ਼ਰੀ ਵਿਚ ਸੰਪੰਨ ਹੋ ਗਏ।
ਇਸ ਮੌਕੇ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵਲੋਂ ਦਸਤਾਰਬੰਦੀ ਸਮਾਗਮ ਵਿਚ ਅਰਦਾਸ ਕੀਤੀ ਗਈ। ਸਮਾਗਮ ਵਿਚ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਹੈ ਕਿ ਸਮੂਹ ਨਿਹੰਗ ਜਥੇਬੰਦੀਆਂ ਗੁਰੂ ਸਾਹਿਬ ਵਲੋਂ ਦਰਸਾਈ ਸਿੱਖ ਰਹਿਤ ਮਰਿਆਦਾ ’ਤੇ ਹਮੇਸ਼ਾ ਪਹਿਰਾ ਦਿੰਦੀਆਂ ਰਹੀਆਂ ਹਨ ਅਤੇ ਅੱਗੋਂ ਤੋਂ ਵੀ ਉਹ ਇਸੇ ਤਰ੍ਹਾਂ ਹੀ ਸਿੱਖ ਪੰਥ ਦੇ ਸਮੁੱਚੇ ਵਡੇਰੇ ਪੰਥ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਗੁਰਮਤਿ ਅਨੁਸਾਰ ਚੱਲਣਗੀਆਂ।

