India

ਚੱਲਦੀ ਬੱਸ ਨੂੰ ਲੱਗੀ ਭਿਆਨਕ ਅੱਗ, 12 ਲੋਕ ਜਿਉਂਦੇ ਸੜੇ, ਮ੍ਰਿਤਕਾਂ ਦੀ ਪਛਾਣ ਕਰਨਾ ਮੁਸ਼ਕਲ

ਬਿਊਰੋ ਰਿਪੋਰਟ (24 ਅਕਤੂਬਰ, 2025): ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਵਿੱਚ ਚਿੰਨਟੇਕੁਰ ਨੇੜੇ ਇੱਕ ਨਿੱਜੀ ਬੱਸ ਨੂੰ ਅੱਗ ਲੱਗਣ ਕਾਰਨ ਇੱਕ ਭਿਆਨਕ ਹਾਦਸਾ ਵਾਪਰਿਆ। ਨਿਊਜ਼ ਏਜੰਸੀ ਪੀਟੀਆਈ (PTI) ਅਨੁਸਾਰ, ਇਸ ਹਾਦਸੇ ਵਿੱਚ ਘੱਟੋ-ਘੱਟ 12 ਯਾਤਰੀ ਜਿਉਂਦੇ ਸੜ ਗਏ। ਇਹ ਦਰਦਨਾਕ ਘਟਨਾ ਸ਼ੁੱਕਰਵਾਰ ਸਵੇਰੇ ਲਗਭਗ 3:30 ਵਜੇ ਵਾਪਰੀ।

ਬੱਸ ਹੈਦਰਾਬਾਦ ਤੋਂ ਬੈਂਗਲੁਰੂ ਜਾ ਰਹੀ ਸੀ। ਨੈਸ਼ਨਲ ਹਾਈਵੇਅ-44 ‘ਤੇ ਇੱਕ ਮੋਟਰਸਾਈਕਲ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਮੋਟਰਸਾਈਕਲ ਬੱਸ ਦੇ ਹੇਠਾਂ ਫਸ ਗਿਆ ਅਤੇ ਫਿਊਲ ਟੈਂਕ ਨਾਲ ਟਕਰਾਉਣ ਕਾਰਨ ਬੱਸ ਨੂੰ ਤੁਰੰਤ ਅੱਗ ਲੱਗ ਗਈ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਸ਼ਿਵਸ਼ੰਕਰ ਦੀ ਵੀ ਮੌਤ ਹੋ ਗਈ।

ਬੱਸ ਵਿੱਚ ਲਗਭਗ 40 ਯਾਤਰੀ ਸਵਾਰ ਸਨ। ਇਨ੍ਹਾਂ ਵਿੱਚੋਂ 19 ਲੋਕਾਂ, ਦੋ ਬੱਚਿਆਂ ਅਤੇ ਦੋ ਡਰਾਈਵਰਾਂ ਸਮੇਤ ਕਈਆਂ ਨੇ ਐਮਰਜੈਂਸੀ ਗੇਟ ਤੋੜ ਕੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਹਾਲਾਂਕਿ, ਇਹ ਬਚਣ ਵਾਲੇ ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ ਅਤੇ ਉਨ੍ਹਾਂ ਨੂੰ ਕੁਰਨੂਲ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਕੁਰਨੂਲ ਰੇਂਜ ਦੇ ਡੀਆਈਜੀ (DIG) ਕੋਯਾ ਪ੍ਰਵੀਨ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਬੱਸ ਵਿੱਚ ਸ਼ਾਰਟ ਸਰਕਟ ਹੋ ਗਿਆ, ਜਿਸ ਕਾਰਨ ਬੱਸ ਦਾ ਦਰਵਾਜ਼ਾ ਜਾਮ ਹੋ ਗਿਆ ਅਤੇ ਕੁਝ ਹੀ ਮਿੰਟਾਂ ਵਿੱਚ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕਰਨਾ ਮੁਸ਼ਕਲ ਹੋ ਰਿਹਾ ਹੈ ਕਿਉਂਕਿ ਕਈ ਲਾਸ਼ਾਂ ਪੂਰੀ ਤਰ੍ਹਾਂ ਸੜ ਚੁੱਕੀਆਂ ਹਨ।

ਹਾਦਸੇ ਤੋਂ ਬਾਅਦ ਕੁਰਨੂਲ ਜ਼ਿਲ੍ਹਾ ਕੁਲੈਕਟਰ ਡਾ. ਏ ਸਿਰੀ ਘਟਨਾ ਸਥਾਨ ‘ਤੇ ਪਹੁੰਚੇ ਅਤੇ ਪੀੜਤਾਂ ਦੇ ਪਰਿਵਾਰਾਂ ਦੀ ਮਦਦ ਲਈ ਕਈ ਹੈਲਪਲਾਈਨ ਨੰਬਰ ਜਾਰੀ ਕੀਤੇ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਇਸ ਦੁਖਦ ਹਾਦਸੇ ’ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਰਾਹਤ ਫੰਡ ਤੋਂ ₹2 ਲੱਖ ਅਤੇ ਜ਼ਖ਼ਮੀਆਂ ਲਈ ₹50,000 ਦੇਣ ਦਾ ਐਲਾਨ ਕੀਤਾ।