Punjab

CM ਮਾਨ ਦੀਆਂ Fake Videos ਬਾਰੇ ‘ਆਪ’ ਦਾ ਬਿਆਨ ਆਇਆ ਸਾਹਮਣੇ

ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀਆਂ ਜਾ ਰਹੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਫੇਕ ਵੀਡੀਓਜ਼ ਬਾਰੇ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਤੇਜ ਪੰਨੂ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਇਸ ਮਾਮਲੇ ਵਿਚ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕੀਤਾ, ਉੱਥੇ ਹੀ ਇਸ ਪੂਰੇ ਘਟਨਾਕ੍ਰਮ ਨੂੰ ਵਿਰੋਧੀਆਂ ਵੱਲੋਂ ਚਲਾਇਆ ਜਾ ਰਿਹਾ ਪ੍ਰੋਪੇਗੰਡਾ ਕਰਾਰ ਦਿੱਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਵੀਡੀਓਜ਼ ਸ਼ੇਅਰ ਕਰਨ ਵਾਲੇ ਅਕਾਊਂਟਸ ਭਾਰਤੀ ਜਨਤਾ ਪਾਰਟੀ ਦੇ ਸੋਸ਼ਲ ਮੀਡੀਆ ਵਿੰਗ ਨਾਲ ਜੁੜੇ ਹੋਏ ਹਨ।

ਪੰਨੂ ਨੇ ਦੱਸਿਆ ਕਿ ਇਹ ਵੀਡੀਓਜ਼ ਕੈਨੇਡਾ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਅਪਲੋਡ ਕੀਤੀਆਂ ਹਨ, ਜਿਸ ‘ਤੇ ਪਹਿਲਾਂ ਵੀ ਧੋਖਾਧੜੀ ਦੇ ਕਈ ਮਾਮਲੇ ਚੱਲ ਰਹੇ ਹਨ। ਇਸੇ ਵਿਅਕਤੀ ਨੇ ਕੁਝ ਸਮੇਂ ਪਹਿਲਾਂ ਕੇਂਦਰੀ ਮੰਤਰੀਆਂ ਦੀਆਂ ਵੀ ਵੀਡੀਓਜ਼ ਫੇਕ ਬਣਾਈਆਂ ਸਨ। ਮੋਹਾਲੀ ਅਦਾਲਤ ਨੇ ਇਨ੍ਹਾਂ ਵੀਡੀਓਜ਼ ਨੂੰ ਫੇਕ ਕਰਾਰ ਦਿੱਤਾ ਹੈ ਅਤੇ 24 ਘੰਟਿਆਂ ਅੰਦਰ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਉਨ੍ਹਾਂ ਨੇ ਅਦਾਲਤੀ ਫੈਸਲੇ ਦਾ ਸਵਾਗਤ ਕੀਤਾ।ਉਨ੍ਹਾਂ ਨੇ ਵਿਰੋਧੀਆਂ, ਖਾਸ ਕਰਕੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਤਿੱਖਾ ਨਿਸ਼ਾਨਾ ਸਾਧਿਆ। ਕਿਹਾ ਕਿ ਵਿਰੋਧੀਆਂ ਕੋਲ ਆਪ ਸਰਕਾਰ ਜਾਂ ਮਾਨ ਵਿਰੁੱਧ ਕੋਈ ਅਸਲੀ ਮੁੱਦਾ ਨਹੀਂ, ਇਸ ਲਈ ਉਹ ਕਿਰਦਾਰ ਹੱਤਿਆ ਦੀ ਕੋਸ਼ਿਸ਼ ਕਰ ਰਹੇ ਹਨ।

ਪੰਨੂ ਨੇ ਦਾਅਵਾ ਕੀਤਾ ਕਿ ਡੇਢ ਦਰਜਨ ਤੋਂ ਵੱਧ ਅਕਾਊਂਟਸ, ਜੋ ਭਾਜਪਾ ਦੇ ਸੋਸ਼ਲ ਮੀਡੀਆ ਵਿੰਗ ਨਾਲ ਜੁੜੇ ਹਨ, ਇਹ ਵੀਡੀਓਜ਼ ਵਾਇਰਲ ਕਰ ਰਹੇ ਹਨ। ਇਸ ਵਿੱਚ ਕਈ ਧਿਰਾਂ ਦਾ ਹੱਥ ਹੈ, ਜਿਨ੍ਹਾਂ ਵਿੱਚੋਂ ਕੁਝ ਉਜਾਗਰ ਵੀ ਹੋ ਗਈਆਂ ਹਨ।ਉਨ੍ਹਾਂ ਨੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਵੀ ਵਿਅੰਗ ਕੀਤਾ, ਜਿਨ੍ਹਾਂ ਨੇ ਅਦਾਲਤੀ ਫੈਸਲੇ ਤੋਂ ਬਾਅਦ ਵੀ ਅੱਜ ਸਵੇਰੇ ਇਸ ਬਾਰੇ ਸਵਾਲ ਉਠਾਏ, ਜੋ ਅਦਾਲਤ ‘ਤੇ ਸ਼ੱਕ ਵਰਨਣ ਵਾਲਾ ਕਦਮ ਹੈ। ਪੰਨੂ ਨੇ ਕਿਹਾ ਕਿ ਅਜਿਹੇ ਪ੍ਰੋਪੇਗੰਡੇ ਨਾਲ ਲੋਕ ਨਹੀਂ ਭੁਲੇਖਾ ਜਾਂਦੇ ਅਤੇ ਆਪ ਸਰਕਾਰ ਆਪਣੇ ਕੰਮਾਂ ਨਾਲ ਜਨਤਾ ਦੇ ਹੱਕ ਵਿੱਚ ਖੜ੍ਹੀ ਰਹੇਗੀ।