ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਆਪਣੇ ਐਕਸ ਖਾਤੇ ‘ਤੇ ਦਿਵਾਲੀ ਦੇ ਨਾਲ-ਨਾਲ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ, ਜਿਸ ਨੂੰ ਭਾਰਤ ਦੇ ਸਾਬਕਾ ਰਾਜਦੂਤ ਤੇ ਵਿਦੇਸ਼ ਸਕੱਤਰ ਕਨਵਲ ਸਿੱਬਲ ਨੇ ਚੁਣੌਤੀ ਦਿੱਤੀ। ਸਿੱਬਲ ਨੇ ਸਵਾਲ ਉਠਾਇਆ ਕਿ ਬੰਦੀ ਛੋੜ ਦਿਵਸ ਦਾ ਦਿਵਾਲੀ ਨਾਲ ਕੀ ਸਬੰਧ ਹੈ ਅਤੇ ਇਸ ਨੂੰ ਮਨਾਉਣ ਦੀ ਲੋੜ ਕੀ ਹੈ। ਉਨ੍ਹਾਂ ਦੀ ਇਸ ਟਿੱਪਣੀ ਨੂੰ ਸਿੱਖ ਭਾਈਚਾਰੇ ਵਿੱਚ ਨਫ਼ਰਤ ਫੈਲਾਉਣ ਦੀ ਸੋਚੀ-ਸਮਝੀ ਚਾਲ ਵਜੋਂ ਵੇਖਿਆ ਜਾ ਰਿਹਾ ਹੈ।
ਇਸ ‘ਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਸੋਸ਼ਲ ਮੀਡੀਆ ‘ਤੇ ਸਿੱਖ ਵਿਰੋਧੀ ਨਫ਼ਰਤੀ ਏਜੰਡੇ ਚਲਾਏ ਜਾਂਦੇ ਹਨ। ਸਿੱਖ ਆਪਣੇ ਹੱਕਾਂ ਲਈ ਬੋਲਦੇ ਹਨ ਤਾਂ ਉਨ੍ਹਾਂ ‘ਤੇ ਪਰਚੇ ਦਰਜ ਹੋ ਜਾਂਦੇ ਹਨ, ਪਰ ਸਿੱਖਾਂ ਖਿਲਾਫ਼ ਜ਼ਹਿਰ ਉਗਲਣ ਵਾਲਿਆਂ ‘ਤੇ ਕੋਈ ਕਾਰਵਾਈ ਨਹੀਂ ਹੁੰਦੀ। ਹੁਣ ਬੰਦੀ ਛੋੜ ਦਿਵਸ ਵਰਗੇ ਪਵਿੱਤਰ ਸਿੱਖ ਤਿਉਹਾਰ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਖੁਸ਼ੀ, ਆਜ਼ਾਦੀ ਤੇ ਭਾਈਚਾਰੇ ਦਾ ਪ੍ਰਤੀਕ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਆਰੋਪ ਲਗਾਇਆ ਕਿ ਅਜਿਹੀਆਂ ਟਿੱਪਣੀਆਂ ਸਿਰਫ਼ ਸਿੱਖਾਂ ਨੂੰ ਨਹੀਂ, ਸਗੋਂ ਦੇਸ਼ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਹਨ। ਵਿਦੇਸ਼ੀ ਨੇਤਾ ਜਦੋਂ ਸਿੱਖਾਂ ਨੂੰ ਬੰਦੀ ਛੋੜ ਦਿਵਸ ਦੀ ਮੁਬਾਰਕਬਾਦ ਦਿੰਦੇ ਹਨ, ਤਾਂ ਉਨ੍ਹਾਂ ‘ਤੇ ਵੀ ਨਫ਼ਰਤੀ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ। ਇਸ ਨਾਲ ਦੇਸ਼ ਅੰਦਰ ਸਿੱਖਾਂ ਵਿੱਚ ਬੇਗਾਨਗੀ ਦੀ ਭਾਵਨਾ ਵਧਦੀ ਹੈ ਅਤੇ ਵਿਦੇਸ਼ਾਂ ਵਿੱਚ ਭਾਰਤ ਦੀ ਛਬੀ ਖ਼ਰਾਬ ਹੁੰਦੀ ਹੈ।
ਉਨ੍ਹਾਂ ਨੇ ਭਾਰਤ ਸਰਕਾਰ, ਵਿਦੇਸ਼ ਮੰਤਰਾਲੇ ਤੇ ਪੰਜਾਬ ਸਰਕਾਰ ਦੀ ਚੁੱਪ ਨੂੰ ਵੀ ਨਿਖੇਧਿਆ। ਕਿਹਾ ਕਿ ਇਹ ਚੁੱਪ ਸਿੱਖ ਵਿਰੋਧੀ ਨਫ਼ਰਤ ਪ੍ਰਤੀ ਸਹਿਮਤੀ ਦਰਸਾਉਂਦੀ ਹੈ। ਪੁਰਾਣੇ ਜ਼ਖ਼ਮ ਹਾਲੇ ਭਰੇ ਨਹੀਂ, ਤੇ ਨਵੇਂ ਜ਼ਖ਼ਮ ਦਿੱਤੇ ਜਾ ਰਹੇ ਹਨ। ਅਜਿਹਾ ਪ੍ਰਚਾਰ ਕਿਸੇ ਵੇਲੇ ਵੱਡੀ ਹਿੰਸਾ ਦਾ ਕਾਰਨ ਬਣ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਇਸ ਨਫ਼ਰਤੀ ਮੁਹਿੰਮ ’ਤੇ ਵਿਦੇਸ਼ ਮੰਤਰਾਲਾ ਤੇ ਬਾਕੀ ਦੀ ਭਾਰਤ ਸਰਕਾਰ ਵੀ ਚੁੱਪ ਹੈ, ਜਦਕਿ ਪੰਜਾਬ ਸਰਕਾਰ ਦੀ ਚੁੱਪ ਇਹ ਦਰਸਾਉਂਦੀ ਹੈ ਕਿ ਉਹ ਸਿੱਖਾਂ ਖਿਲਾਫ਼ ਫੈਲਾਈ ਜਾ ਰਹੀ ਨਫ਼ਰਤ ’ਤੇ ਕਿੰਨੀ ਸਹਿਮਤ ਹੈ।