ਮੁਹਾਲੀ : ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਅੱਜ (23 ਅਕਤੂਬਰ) ਦੁਪਹਿਰ 12 ਵਜੇ ਤੋਂ ਦੇਸ਼ ਵਿਆਪੀ ਸੜਕ ਜਾਮ ਅਤੇ ਤਿੰਨ ਘੰਟੇ ਦੀ ਬੱਸ ਹੜਤਾਲ ਦਾ ਐਲਾਨ ਕੀਤਾ ਹੈ। ਪੰਜਾਬ ਭਰ ਵਿੱਚ ਰੋਡਵੇਜ਼ ਬੱਸ ਸੇਵਾਵਾਂ ਠੱਪ ਰਹਿਣਗੀਆਂ, ਹਾਲਾਂਕਿ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਮਾਂ ਵੱਖਰਾ ਹੋ ਸਕਦਾ ਹੈ। ਇਹ ਵਿਰੋਧ ਮੁੱਖ ਤੌਰ ਤੇ ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਵਿੱਚ ਵੋਲਵੋ ਐਚਵੀਏਸੀ ਬੱਸਾਂ ਲਈ ਕਿਲੋਮੀਟਰ ਸਕੀਮ ਟੈਂਡਰ ਜਾਰੀ ਕਰਨ ਵਿਰੁੱਧ ਹੈ।
ਜਲੰਧਰ ਵਿੱਚ ਪੰਜਾਬ ਰੋਡਵੇਜ਼ ਯੂਨੀਅਨ ਦੁਪਹਿਰ ਵੇਲੇ ਬੱਸ ਸਟੈਂਡ ਤੇ ਧਰਨਾ ਸ਼ੁਰੂ ਕਰੇਗੀ, ਫਿਰ ਰਾਮਾ ਮੰਡੀ ਫਲਾਈਓਵਰ ਹੇਠਾਂ ਹਾਈਵੇਅ ਤੇ ਪੂਰੀ ਆਵਾਜਾਈ ਰੋਕ ਦਿੱਤੀ ਜਾਵੇਗੀ। ਕਿਸੇ ਵਾਹਨ ਨੂੰ ਲੰਘਣ ਨਹੀਂ ਦਿੱਤਾ ਜਾਵੇਗਾ। ਸਾਰੇ ਬੱਸ ਸਟੈਂਡ ਬੰਦ ਰਹਿਣਗੇ ਅਤੇ ਕੋਈ ਸਰਕਾਰੀ ਬੱਸ ਨਹੀਂ ਚੱਲੇਗੀ।
ਯੂਨੀਅਨ ਪ੍ਰਧਾਨ ਸਤਪਾਲ ਸਿੰਘ ਨੇ ਕਿਹਾ ਕਿ ਜੇਕਰ ਦੁਪਹਿਰ ਤੱਕ ਟੈਂਡਰ ਰੱਦ ਨਹੀਂ ਕੀਤਾ ਗਿਆ ਤਾਂ ਸੜਕ ਜਾਮ ਅਤੇ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਹੋਵੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਅਸਥਾਈ ਕਰਮਚਾਰੀਆਂ ਨੂੰ ਸਥਾਈ ਕਰਨ ਦੇ ਵਾਅਦੇ ਤੋਂ ਮੁਕਰ ਰਹੀ ਹੈ ਅਤੇ ਵિભਾਗਾਂ ਦਾ ਨਿੱਜੀਕਰਨ ਕਰਨ ਲਈ ਕਿਲੋਮੀਟਰ ਸਕੀਮ ਰਾਹੀਂ ਨਿੱਜੀ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਦੀ ਯੋਜਨਾ ਹੈ। ਕੁਝ ਸੀਨੀਅਰ ਅ,ਧਿਕਾਰੀ ਸਰਕਾਰ ਨੂੰ ਇਸਦੇ ਫਾਇਦੇ ਗਲਤ ਤਰੀਕੇ ਨਾਲ ਦੱਸ ਰਹੇ ਹਨ।
ਜੇਕਰ 23 ਅਕਤੂਬਰ ਨੂੰ ਟੈਂਡਰ ਰੱਦ ਨਹੀਂ ਹੋਇਆ ਤਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਸੰਗਰੂਰ, ਬਠਿੰਡਾ, ਖਰੜ ਸਮੇਤ ਪੰਜਾਬ ਦੇ ਸਾਰੇ ਹਾਈਵੇਅ ਅਤੇ ਮੁੱਖ ਚੌਰਾਹੇ ਜਾਮ ਕਰ ਦਿੱਤੇ ਜਾਣਗੇ। ਵਿਰੋਧ ਪ੍ਰਦਰਸ਼ਨ, ਧਰਨੇ ਅਤੇ ਤੁਰੰਤ ਹੜਤਾਲ ਸ਼ੁਰੂ ਹੋਵੇਗੀ। ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਸਥਾਈ ਧਰਨਾ ਦਿੱਤਾ ਜਾਵੇਗਾ, ਜੋ ਟੈਂਡਰ ਰੱਦ ਹੋਣ ਤੱਕ ਜਾਰੀ ਰਹੇਗਾ।
ਯੂਨੀਅਨ ਨੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਨੂੰ ਪੱਤਰ ਭੇਜ ਕੇ ਨਾਕਾਬੰਦੀ ਦੀ ਸ ਿਸੂਚਨਾ ਦਿੱਤੀ ਹੈ। ਜੇਕਰ ਪੁਲਿਸ ਜ਼ਬਰਦਸਤੀ ਕਾਰਵਾਈ ਕਰਦੀ ਹੈ ਤਾਂ ਅੰਤ ਤੱਕ ਲੜਾਈ ਲੜੀ ਜਾਵੇਗੀ। ਵਿਰੋਧ ਦੌਰਾਨ ਕਿਸੇ ਅਣਸੁਖਾਵੀਂ ਘਟਨਾ ਲਈ ਸਰਕਾਰ ਅਤੇ ਅਧਿਕਾਰੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਣਗੇ।
ਮੰਗਾਂ ਵਿੱਚ ਸ਼ਾਮਲ ਹਨ: ਕਿਲੋਮੀਟਰ ਸਕੀਮ ਟੈਂਡਰ ਰੱਦ ਕਰਨਾ, ਅਸਥਾਈ ਕਰਮਚਾਰੀਆਂ ਨੂੰ ਸਥਾਈ ਕਰਨਾ ਅਤੇ ਵਿਭਾਗੀ ਬੱਸਾਂ ਨੂੰ ਬਦਲਣ ਲਈ ਢੁਕਵੀਂ ਕਾਰਵਾਈ। ਜੇਕਰ ਮੰਗਾਂ ਪੂਰੀਆਂ ਨਹੀਂ ਹੋਈਆਂ ਤਾਂ ਹੜਤਾਲ ਅਣਮਿੱਥੇ ਸਮੇਂ ਤੱਕ ਜਾਰੀ ਰਹੇਗੀ।