Punjab

ਕੂੜੇ ਦੇ ਢੇਰ ‘ਚ ਬਦਲਿਆ ਅੰਮ੍ਰਿਤਸਰ ਦਾ ਇਤਿਹਾਸਕ ਕੰਪਨੀ ਬਾਗ, ਨਗਰ ਨਿਗਮ ‘ਤੇ ਲਾਪਰਵਾਹੀ ਦਾ ਦੋਸ਼

ਅੰਮ੍ਰਿਤਸਰ ਦਾ ਇਤਿਹਾਸਕ ਅਤੇ ਪ੍ਰਮੁੱਖ ਇਲਾਕਾ ਰਾਮਬਾਗ, ਜਿਸ ਨੂੰ ਆਮ ਤੌਰ ਤੇ “ਕੰਪਨੀ ਬਾਗ” ਕਿਹਾ ਜਾਂਦਾ ਹੈ, ਅੱਜ ਕੱਲ੍ਹ ਬਹੁਤ ਬੁਰੀ ਹਾਲਤ ਵਿੱਚ ਹੈ। ਸਮਾਜਿਕ ਕਾਰਕੁਨ ਪਵਨਦੀਪ ਸ਼ਰਮਾ ਨੇ ਦੱਸਿਆ ਕਿ ਇਹ ਉਹੀ ਜਗ੍ਹਾ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਰਾਮਦਾਸ ਜੀ ਦੀ ਯਾਦ ਵਿੱਚ ਬਾਗ਼ ਬਣਾਇਆ ਸੀ, ਪਰ ਹੁਣ ਇਹ ਕੂੜੇ ਦੇ ਢੇਰ ਵਿੱਚ ਬਦਲ ਗਿਆ ਹੈ।

ਇਹ ਵਿਰਾਸਤੀ ਸਥਾਨ ਹੈ ਜਿੱਥੇ ਹਜ਼ਾਰਾਂ ਲੋਕ ਰੋਜ਼ਾਨਾ ਸੈਰ, ਕਸਰਤ ਲਈ ਆਉਂਦੇ ਹਨ, ਪਰ ਹਰ ਪਾਸੇ ਗੰਦਗੀ ਹੀ ਗੰਦਗੀ ਨਜ਼ਰ ਆਉਂਦੀ ਹੈ। ਸ਼ਰਮਾ ਨੇ ਅੰਮ੍ਰਿਤਸਰ ਨਗਰ ਨਿਗਮ ਅਤੇ ਹੋਰ ਏਜੰਸੀਆਂ ਤੇ ਲਾਪਰਵਾਹੀ ਦਾ ਦੋਸ਼ ਲਗਾਇਆ, ਕਿਹਾ ਕਿ ਪੂਰਾ ਸ਼ਹਿਰ ਕੂੜੇ ਦੇ ਢੇਰ ਵਿੱਚ ਬਦਲ ਗਿਆ ਹੈ ਅਤੇ ਕੋਈ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ। ਨਿਗਮ ਵੱਲੋਂ ਕੂੜਾ ਇਕੱਠਾ ਕਰਨ ਦੀ ਫੀਸ 50 ਤੋਂ ਵਧਾ ਕੇ 100 ਰੁਪਏ ਕਰ ਦਿੱਤੀ ਗਈ ਹੈ, ਪਰ ਲੋਕਾਂ ਨੂੰ ਜਾਅਲੀ ਰਸੀਦਾਂ ਦਿੱਤੀਆਂ ਜਾ ਰਹੀਆਂ ਹਨ।

ਦੀਵਾਲੀ ਤੋਂ ਪਹਿਲਾਂ ਗੰਦਗੀ ਬਾਰੇ ਵਿਅੰਗਮਈ ਢੰਗ ਨਾਲ ਕਿਹਾ, “ਦੀਵਾਲੀ ਆ ਰਹੀ ਹੈ, ਜਦੋਂ ਅੰਮ੍ਰਿਤਸਰ ਦੀਆਂ ਲਾਈਟਾਂ ਦੁਨੀਆ ਵਿੱਚ ਮਸ਼ਹੂਰ ਹੋਣਗੀਆਂ, ਪਰ ਇਸ ਵਾਰ ਕੂੜਾ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਜਾਵੇਗਾ।”ਸ਼ਰਮਾ ਨੇ ਪੰਜਾਬ ਸਰਕਾਰ ਨੂੰ ਇਤਿਹਾਸਕ ਅਤੇ ਧਾਰਮਿਕ ਸਥਾਨਾਂ ਦੀ ਸਫ਼ਾਈ ਕਰਨ ਦੀ ਅਪੀਲ ਕੀਤੀ, ਤਾਂ ਜੋ ਦੀਵਾਲੀ ਤੇ ਲੋਕਾਂ ਨੂੰ ਕੂੜਾ ਤੋਹਫ਼ੇ ਵਜੋਂ ਨਾ ਮਿਲੇ।

ਇਹ ਗੰਦਗੀ ਸਾਹ ਦੀਆਂ ਸਮੱਸਿਆਵਾਂ, ਐਲਰਜੀ ਅਤੇ ਜਲਣ ਵਧਾ ਰਹੀ ਹੈ। ਉਨ੍ਹਾਂ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ, ਤਾਂ ਜੋ ਵਿਰਾਸਤ ਨੂੰ ਬਚਾਇਆ ਜਾ ਸਕੇ ਅਤੇ ਸ਼ਹਿਰ ਸਾਫ਼-ਸੁਥਰਾ ਬਣੇ।