India Punjab

ਚੰਡੀਗੜ੍ਹ ’ਚ ਜ਼ਬਤ ਕੀਤੀਆਂ ਗੱਡੀਆਂ ਨਾ ਛੁਡਾਈਆਂ ਤਾਂ ਹੋਏਗੀ ਨਿਲਾਮੀ, ਮੁੜ ਨਹੀਂ ਦਿੱਤਾ ਜਾਵੇਗਾ ਵਾਹਨ

ਬਿਊਰੋ ਰਿਪੋਰਟ (ਚੰਡੀਗੜ੍ਹ, 12 ਅਕਤੂਬਰ 2025): ਚੰਡੀਗੜ੍ਹ ਪੁਲਿਸ ਨੇ ਇੱਕ ਸਾਲ ਦੇ ਅੰਦਰ ਜਬਤ ਕੀਤੀਆਂ 601 ਗੱਡੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਹ ਗੱਡੀਆਂ ਪੁਲਿਸ ਨਿਲਾਮੀ ਜਾਂ ਹੋਰ ਪ੍ਰਕਿਰਿਆ ਰਾਹੀਂ ਨਿਪਟਾਈਆਂ ਜਾਣਗੀਆਂ। ਗੱਡੀਆਂ ਨੂੰ ਟ੍ਰੈਫਿਕ ਨਿਯਮਾਂ ਦੇ ਉਲੰਘਣ ਜਾਂ ਹੋਰ ਕਾਰਨਾਂ ਕਰਕੇ ਜ਼ਬਤ ਕੀਤਾ ਗਿਆ ਸੀ।

ਹੁਣ ਗੱਡੀਆਂ ਦੇ ਮਾਲਕ ਇਨ੍ਹਾਂ ਨੂੰ ਛੁਡਵਾਉਣ ਵਿੱਚ ਰੁਚੀ ਨਹੀਂ ਦਿਖਾ ਰਹੇ। ਪੁਲਿਸ ਨੇ ਮਾਲਕਾਂ ਨੂੰ 6 ਮਹੀਨੇ ਦਾ ਸਮਾਂ ਦਿੱਤਾ ਹੈ ਕਿ ਉਹ ਆਪਣੇ ਵਾਹਨ ਛੁਡਵਾ ਲੈਣ।

ਜ਼ਬਤ ਕੀਤੀਆਂ ਗੱਡੀਆਂ ਪੰਜਾਬ, ਹਰਿਆਣਾ, ਉੱਤਰਾਖੰਡ, ਉੱਤਰ ਪ੍ਰਦੇਸ਼, ਦਿੱਲੀ ਅਤੇ ਰਾਜਸਥਾਨ ਰਜਿਸਟਰਡ ਹਨ। ਕੁਝ ਵਾਹਨ ਬਿਨਾਂ ਨੰਬਰ ਵਾਲੇ ਵੀ ਹਨ।

ਸਾਰੇ ਵਾਹਨ 2024 ਵਿੱਚ ਜ਼ਬਤ

ਪੁਲਿਸ ਨੇ 1 ਜਨਵਰੀ 2024 ਤੋਂ 31 ਦਸੰਬਰ 2024 ਤੱਕ ਵੱਖ-ਵੱਖ ਇਲਾਕਿਆਂ ਤੋਂ 601 ਵਾਹਨ ਜ਼ਬਤ ਕੀਤੇ। ਇਹਨਾਂ ਵਿੱਚੋਂ 554 ਦੋਪਹੀਆ ਵਾਹਨ ਅਤੇ ਬਾਕੀ ਕਾਰਾਂ ਅਤੇ ਹੋਰ ਵਾਹਨ ਹਨ। ਸਾਰੇ ਵਾਹਨ ਇਸ ਸਮੇਂ ਚੰਡੀਗੜ੍ਹ ਟ੍ਰੈਫਿਕ ਪੁਲਿਸ ਲਾਈਨ, ਸੈਕਟਰ-29 ਵਿੱਚ ਖੜੇ ਹਨ। ਇਕ ਸਾਲ ਬੀਤ ਜਾਣ ਦੇ ਬਾਵਜੂਦ, ਵਾਹਨ ਮਾਲਕ ਇਨ੍ਹਾਂ ਨੂੰ ਛੁਡਵਾਉਣ ਨਹੀਂ ਪਹੁੰਚੇ। ਇਸ ਕਾਰਨ ਪੁਲਿਸ ਲਾਈਨ ਵਿੱਚ ਜਗ੍ਹਾ ਦੀ ਕਮੀ ਹੋ ਰਹੀ ਹੈ।

ਬਾਹਰੀ ਸੂਬਿਆਂ ਦੇ ਕਈ ਮਾਲਕ

ਪੁਲਿਸ ਵੱਲੋਂ ਜਾਰੀ ਸੂਚੀ ਵਿੱਚ ਵਾਹਨ ਮਾਲਕਾਂ ਨੂੰ ਵਾਹਨਾਂ ਦੀ ਪਛਾਣ ਲਈ ਵਾਹਨ ਨੰਬਰ, ਚੈਸਿਸ ਨੰਬਰ, ਇੰਜਨ ਨੰਬਰ, ਕੰਪਨੀ ਦਾ ਨਾਮ ਅਤੇ ਜਬਤੀ ਦੀ ਤਾਰੀਖ ਦਿੱਤੀ ਗਈ ਹੈ। ਅਧਿਕਾਰੀਆਂ ਦੇ ਮੁਤਾਬਕ, ਵਾਹਨ ਨਾ ਛੁਡਵਾਉਣ ਦਾ ਮੁੱਖ ਕਾਰਨ ਇਹ ਹੈ ਕਿ ਕਈ ਮਾਲਕ ਹਿਮਾਚਲ, ਹਰਿਆਣਾ, ਰਾਜਸਥਾਨ ਆਦਿ ਤੋਂ ਪੜਾਈ ਜਾਂ ਨੌਕਰੀ ਲਈ ਚੰਡੀਗੜ੍ਹ ਆਏ ਸੀ ਅਤੇ ਕੰਮ ਪੂਰਾ ਹੋਣ ਤੋਂ ਬਾਅਦ ਵਾਪਸ ਚਲੇ ਗਏ। ਇਸ ਕਾਰਨ ਉਨ੍ਹਾਂ ਦੇ ਵਾਹਨ ਇੱਥੇ ਛੱਡੇ ਰਹਿ ਗਏ।

ਸੈਕਟਰ-31 ਥਾਣਾ ਮਹੀਨੇ ਬਾਅਦ ਕਰੇਗਾ ਨਿਲਾਮੀ

ਕੁਝ ਦਿਨ ਪਹਿਲਾਂ ਸੈਕਟਰ-31 ਥਾਣੇ ਨੇ ਵੀ ਇਸੇ ਤਰ੍ਹਾਂ ਦੀ ਸੂਚੀ ਜਾਰੀ ਕੀਤੀ ਸੀ। ਥਾਣਾ ਪੁਲਿਸ ਨੇ ਵਾਹਨ ਮਾਲਕਾਂ ਦੇ ਘਰਾਂ ’ਤੇ ਨੋਟਿਸ ਭੇਜੇ ਸਨ, ਪਰ ਜ਼ਿਆਦਾਤਰ ਨੇ ਨੋਟਿਸ ਪ੍ਰਾਪਤ ਨਹੀਂ ਕੀਤੇ। ਇਹ ਸਾਰੇ ਵਾਹਨ 2010 ਤੋਂ 2024 ਤੱਕ ਦੇ ਹਨ। ਥਾਣੇ ਵੱਲੋਂ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਇਹ ਗੱਡੀਆਂ ਨਿਲਾਮ ਕੀਤੀਆਂ ਜਾਣਗੀਆਂ।