International

ਪਾਕਿਸਤਾਨ ’ਚ ਨਮਾਜ਼ ਦੌਰਾਨ ਗੋਲ਼ੀਬਾਰੀ, 6 ਜ਼ਖ਼ਮੀ, ਪੁਲਿਸ ਨੇ ਹਮਲਾਵਰ ਕੀਤਾ ਢੇਰ

ਬਿਊਰੋ ਰਿਪੋਰਟ (11 ਅਕਤੂਬਰ, 2025): ਪਾਕਿਸਤਾਨ ਦੇ ਪੰਜਾਬ ਸੂਬੇ ਦੇ ਰਬਵਾਹ ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਇੱਕ ਹਥਿਆਰਬੰਦ ਵਿਅਕਤੀ ਨੇ ਨਮਾਜ਼ ਅਦਾ ਕਰ ਰਹੇ ਲੋਕਾਂ ’ਤੇ ਗੋਲ਼ੀਬਾਰੀ ਕਰ ਦਿੱਤੀ। ਇਸ ਹਮਲੇ ਵਿੱਚ ਛੇ ਲੋਕ ਜ਼ਖ਼ਮੀ ਹੋਏ ਹਨ, ਜਦਕਿ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਹਮਲਾਵਰ ਮਾਰਿਆ ਗਿਆ।

ਇਸ ਘਟਨਾ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਹਮਲਾਵਰ ਹੱਥ ਵਿੱਚ ਪਿਸਤੌਲ ਫੜ੍ਹ ਕੇ ਮਸਜਿਦ ਦੇ ਗੇਟ ਵੱਲ ਵੱਧਦਾ ਦਿਖਾਈ ਦੇ ਰਿਹਾ ਹੈ ਅਤੇ ਉੱਥੇ ਤਾਇਨਾਤ ਗਾਰਡਾਂ ’ਤੇ ਲਗਾਤਾਰ ਗੋਲ਼ੀਆਂ ਚਲਾ ਰਿਹਾ ਹੈ।

ਪਾਕਿਸਤਾਨੀ ਅਖ਼ਬਾਰ ਡਾਅਨ ਦੇ ਮੁਤਾਬਕ, ਸੜਕ ਦੇ ਪਾਰ ਤਾਇਨਾਤ ਦੋ ਪੁਲਿਸ ਕਰਮਚਾਰੀਆਂ ਨੇ ਤੁਰੰਤ ਜਵਾਬੀ ਫਾਇਰਿੰਗ ਕੀਤੀ ਅਤੇ ਹਮਲਾਵਰ ਨੂੰ ਢੇਰ ਕਰ ਦਿੱਤਾ।

ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਗੋਲ਼ੀ ਲੱਗਣ ਤੋਂ ਬਾਅਦ ਹਮਲਾਵਰ ਦੀ ਬੰਦੂਕ ਡਿੱਗ ਜਾਂਦੀ ਹੈ ਅਤੇ ਉਹ ਉਸਨੂੰ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਪਰ ਜ਼ਮੀਨ ’ਤੇ ਡਿੱਗ ਕੇ ਤੜਫ਼ਣ ਲੱਗਦਾ ਹੈ।

ਘਟਨਾ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਹਮਲਾਵਰ ਦਾ ਕਿਸੇ ਚਰਮਪੰਥੀ ਸੰਗਠਨ ਨਾਲ ਸੰਬੰਧ ਸੀ ਜਾਂ ਨਹੀਂ। ਹੁਣ ਤੱਕ ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਹਾਲਾਂਕਿ ਤਹਰੀਕ-ਏ-ਲੱਬੈਕ ਪਾਕਿਸਤਾਨ (TLP) ਵਰਗੇ ਚਰਮਪੰਥੀ ਗਰੁੱਪ ਪਹਿਲਾਂ ਵੀ ਅਹਿਮਦੀਆ ਭਾਈਚਾਰੇ ਦੇ ਉਪਾਸਨਾ ਸਥਾਨਾਂ ’ਤੇ ਹਮਲੇ ਕਰ ਚੁੱਕੇ ਹਨ।

ਅਹਿਮਦੀਆ ਭਾਈਚਾਰੇ ਦੇ ਬੁਲਾਰੇ ਆਮੀਰ ਮਹਮੂਦ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਫੈਲ ਰਹੇ ਨਫ਼ਰਤ ਭਰੇ ਪ੍ਰਚਾਰ ਅਤੇ ਭੜਕਾਊ ਬਿਆਨਾਂ ਨੇ ਅਜਿਹਾ ਮਾਹੌਲ ਪੈਦਾ ਕਰ ਦਿੱਤਾ ਹੈ ਜਿਸ ਨਾਲ ਇਸ ਤਰ੍ਹਾਂ ਦੇ ਹਮਲੇ ਵਧ ਰਹੇ ਹਨ।

ਉਨ੍ਹਾਂ ਕਿਹਾ, “ਅੱਜ ਦਾ ਹਮਲਾ ਉਸੇ ਨਫ਼ਰਤ ਭਰੇ ਮਾਹੌਲ ਦਾ ਨਤੀਜਾ ਹੈ। ਕੁਝ ਮੌਲਵੀਆਂ ਨੇ ਐਸੇ ਫ਼ਤਵੇ ਜਾਰੀ ਕੀਤੇ ਹਨ ਜੋ ਲੋਕਾਂ ਨੂੰ ਅਹਮਦੀਆਂ ’ਤੇ ਹਮਲਾ ਕਰਨ ਲਈ ਉਕਸਾਉਂਦੇ ਹਨ। ਹੁਣ ਸਮਾਂ ਆ ਗਿਆ ਹੈ ਕਿ ਇਨ੍ਹਾਂ ਨਫ਼ਰਤ ਭਰੀਆਂ ਮੁਹਿੰਮਾਂ ਨੂੰ ਰੋਕਿਆ ਜਾਵੇ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਜੋ ਬੇਗੁਨਾਹ ਤੇ ਸ਼ਾਂਤਿਪ੍ਰੀਅ ਅਹਮਦੀਆਂ ਦੀ ਜਾਨ ਬਚਾਈ ਜਾ ਸਕੇ।”

ਦੱਸ ਦੇਈਏ ਅਹਿਮਦੀਆ ਭਾਈਚਾਰਾ ਲਗਭਗ 20 ਲੱਖ ਦੀ ਆਬਾਦੀ ਵਾਲਾ ਹੈ ਜੋ 1974 ਤੋਂ ਪਾਕਿਸਤਾਨ ਵਿੱਚ ਸੋਸ਼ਣ ਦਾ ਸ਼ਿਕਾਰ ਰਿਹਾ ਹੈ। ਸੰਵਿਧਾਨਕ ਤੌਰ ’ਤੇ ਉਨ੍ਹਾਂ ਨੂੰ ਮੁਸਲਮਾਨ ਨਹੀਂ ਮੰਨਿਆ ਜਾਂਦਾ ਅਤੇ ਉਨ੍ਹਾਂ ਨੂੰ ਕੁਰਾਨ ਪੜ੍ਹਨ, ਨਮਾਜ਼ ਅਦਾ ਕਰਨ ਜਾਂ ਧਾਰਮਿਕ ਰੀਤਾਂ ਖੁੱਲ੍ਹੇ ਤੌਰ ’ਤੇ ਨਿਭਾਉਣ ਦੀ ਆਜ਼ਾਦੀ ਨਹੀਂ ਹੈ।