India Punjab

ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਦਿਹਾਂਤ ‘ਤੇ ਪੰਜਾਬੀ ਗਾਇਕਾਂ ਸਮੇਤ ਸਿਆਸੀ ਆਗੂਆਂ ਨੇ ਪ੍ਰਗਟਾਇਆ ਦੁੱਖ

ਪੰਜਾਬੀ ਸੰਗੀਤ ਜਗਤ ਨੂੰ ਅੱਜ ਇੱਕ ਵੱਡਾ ਝਟਕਾ ਲੱਗਿਆ ਹੈ, ਕਿਉਂਕਿ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦਾ ਦਿਹਾਂਤ ਹੋ ਗਿਆ ਹੈ। ਉਹ ਪਿਛਲੇ 12 ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਨਾਜ਼ੁਕ ਹਾਲਤ ਵਿੱਚ ਜ਼ੇਰੇ ਇਲਾਜ ਸਨ। ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ, “ਮੌਤ ਕੁਲਿਹਣੀ ਜਿੱਤ ਗਈ, ਜਵੰਦਾ ਹਾਰ ਗਿਆ, ਕਿਵੇਂ ਭੁੱਲਾਂਗੇ ਤੈਨੂੰ ਨਿੱਕੇ ਵੀਰ।” ਰਾਜਵੀਰ ਜਵੰਦਾ ਦੀ ਮੌਤ ਨੇ ਪੰਜਾਬੀ ਸੰਗੀਤ ਜਗਤ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ।

ਹਸਪਤਾਲ ਦੇ ਬਾਹਰ ਪ੍ਰਸ਼ੰਸਕਾਂ ਅਤੇ ਸਮਰਥਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ, ਅਤੇ ਮੋਹਾਲੀ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ। ਪਰਿਵਾਰ ਨੇ ਹਾਲੇ ਤੱਕ ਰਾਜਵੀਰ ਦੀ ਮੌਤ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ, ਪਰ ਫੋਰਟਿਸ ਹਸਪਤਾਲ ਵੱਲੋਂ ਜਲਦੀ ਹੀ ਰਸਮੀ ਐਲਾਨ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। ਰਾਜਵੀਰ ਦੀ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਪੂਨਾ, ਜਗਰਾਉਂ, ਲੁਧਿਆਣਾ ਲਿਜਾਇਆ ਜਾਵੇਗਾ, ਜਿੱਥੇ ਉਨ੍ਹਾਂ ਦੀ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ।

ਪੰਜਾਬੀ ਅਦਾਕਾਰਾਂ ਤੇ ਗਾਇਕਾਂ ਨੇ ਪ੍ਰਗਟਾਇਆ ਦੁੱਖ

ਰਾਜਵੀਰ ਜਵੰਦਾ ਦੀ ਮੌਤ ‘ਤੇ ਪੰਜਾਬੀ ਸੰਗੀਤ ਜਗਤ ਅਤੇ ਸਿਆਸੀ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਸ਼ਹੂਰ ਗਾਇਕ ਮਨਕੀਰਤ ਔਲਖ ਨੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ, “ਅੱਜ ਦੁਨੀਆ ਤੋਂ ਇਕ ਅਣਮੁੱਲਾ ਹੀਰਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਅੱਜ ਇਕ ਮਾਂ ਦਾ ਪੁੱਤ, ਇਕ ਭੈਣ ਦਾ ਵੀਰ, ਇਕ ਘਰਵਾਲੀ ਦਾ ਸੁਹਾਗ, ਬੱਚਿਆਂ ਦਾ ਬਾਪ ਤੇ ਯਾਰਾਂ ਦਾ ਯਾਰ ਸਭ ਨੂੰ ਅਲਵਿਦਾ ਆਖ ਗਿਆ।” ਉਨ੍ਹਾਂ ਨੇ ਪਰਿਵਾਰ ਨਾਲ ਹਮਦਰਦੀ ਜਤਾਉਂਦੇ ਹੋਏ ਵਾਹਿਗੁਰੂ ਤੋਂ ਉਨ੍ਹਾਂ ਨੂੰ ਸਹਿਣਸ਼ਕਤੀ ਦੇਣ ਦੀ ਅਰਦਾਸ ਕੀਤੀ।

ਅਦਾਕਾਰ ਨੀਰੂ ਬਾਜਵਾ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਜਵੰਦਾ ਦੀ ਇਕ ਫੋਟੋ ਸਾਂਝੀ ਕਰਦਿਆ ਲਿਖਿਆ,  ਇੰਨੀ ਦੁਖਦਾਈ ਖਬਰ ਸੁਣ ਕੇ ਦਿਲ ਟੁੱਟ ਗਿਆ ਹੈ। ਰਾਜਵੀਰ ਦੇ ਪਰਿਵਾਰ ਪ੍ਰਤੀ ਡੂੰਘੀ ਹਮਦਰਦੀ। ਇਸ ਕਲਪਨਾਯੋਗ ਸਮੇਂ ਦੌਰਾਨ ਤੁਹਾਨੂੰ ਤਾਕਤ ਅਤੇ ਸ਼ਾਂਤੀ ਮਿਲੇ। ਬਹੁਤ ਜਲਦੀ ਚਲੇ ਗਏ, ਪਰ ਤੁਹਾਨੂੰ ਕਦੇ ਨਹੀਂ ਭੁੱਲਿਆ ਜਾ ਸਕੇਗਾ।

ਸਿਆਸੀ ਆਗੂਆਂ ਨੇ ਪ੍ਰਗਟਾਇਆ ਦੁੱਖ

ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਵੀ ਰਾਜਵੀਰ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਪੰਜਾਬੀ ਸੰਗੀਤ ਜਗਤ ਲਈ ਬਹੁਤ ਦੁਖਦਾਈ ਸਮਾਂ ਹੈ, ਕਿਉਂਕਿ ਅਸੀਂ ਇੱਕ ਹੋਣਹਾਰ ਨੌਜਵਾਨ ਗਾਇਕ ਗੁਆ ਲਿਆ ਹੈ। ਉਨ੍ਹਾਂ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਰਾਜਵੀਰ ਦੀ ਆਤਮਾ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਦੀ ਤਾਕਤ ਮਿਲੇ।

ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਵੀ ਰਾਜਵੀਰ ਦੀ ਮੌਤ ‘ਤੇ ਸੋਗ ਜਤਾਇਆ ਅਤੇ ਲਿਖਿਆ ਕਿ ਸਾਰੀਆਂ ਪ੍ਰਾਰਥਨਾਵਾਂ ਦੇ ਬਾਵਜੂਦ ਕਿਸਮਤ ਨੇ ਉਨ੍ਹਾਂ ਨੂੰ ਸਾਡੇ ਵਿੱਚੋਂ ਖੋਹ ਲਿਆ। ਉਨ੍ਹਾਂ ਨੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਾਹਿਗੁਰੂ ਤੋਂ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਦੀ ਪ੍ਰਾਰਥਨਾ ਕੀਤੀ।

ਕਾਂਗਰਸ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਰਾਜਵੀਰ ਦੀ ਮੌਤ ‘ਤੇ ਦੁੱਖ ਜਤਾਇਆ ਅਤੇ ਕਿਹਾ ਕਿ ਸਾਰੀਆਂ ਪ੍ਰਾਰਥਨਾਵਾਂ ਦੇ ਬਾਵਜੂਦ, ਰੱਬ ਦੀ ਮਰਜ਼ੀ ਅੱਗੇ ਕੋਈ ਨਹੀਂ ਟਿਕ ਸਕਿਆ। ਉਨ੍ਹਾਂ ਨੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹਮਦਰਦੀ ਜਤਾਈ।

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਰਾਜਵੀਰ ਦੀ ਬੇਵਕਤੀ ਮੌਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਰੂਹਾਨੀ ਆਵਾਜ਼ ਸਦਾ ਲਈ ਸਾਡੇ ਦਿਲਾਂ ਵਿੱਚ ਗੂੰਜਦੀ ਰਹੇਗੀ।

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਇੱਕ ਪੋਸਟ ਸਾਂਝੀ ਕਰਦਿਆਂ ਰਾਜਵੀਰ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਉਹ ਪੰਜਾਬ ਦੇ ਪੁੱਤ ਵਜੋਂ ਸਦਾ ਯਾਦ ਰਹਿਣਗੇ।

ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਨੇ ਵੀ ਰਾਜਵਾਰ ਜਵੰਦਾ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਆਪਣੇ ਗੀਤਾਂ ਤੇ ਆਵਾਜ਼ ਨਾਲ ਲੋਕ ਦਿਲਾਂ ‘ਤੇ ਰਾਜ ਕਰਨ ਵਾਲਾ ਰਾਜਵੀਰ ਜਵੰਦਾ ਅੱਜ ਜ਼ਿੰਦਗੀ ਦੀ ਜੰਗ ਹਾਰ ਗਿਆ… ਪੰਜਾਬੀ ਮਾਂ ਬੋਲੀ ਦੇ ਮਾਣਮੱਤੇ ਫ਼ਨਕਾਰ ਨੂੰ ਪਰਮਾਤਮਾ ਚਰਨਾਂ ‘ਚ ਥਾਂ ਦੇਣ ਤੇ ਪਰਿਵਾਰ ਸਮੇਤ ਚਾਹੁਣ ਵਾਲਿਆਂ ਨੂੰ ਇਹ ਅਸਹਿ ਭਾਣਾ ਮੰਨਣ ਦਾ ਹੌਂਸਲਾ ਹਿੰਮਤ ਬਖ਼ਸ਼ਣ… ਵਾਹਿਗੁਰੂ।

ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਦੁੱਖ ਜਤਾਉਂਦਿਆਂ ਕਿਹਾ ਕਿ ਪਿਆਰੇ ਪੰਜਾਬੀ ਗਾਇਕ ਰਾਜਵੀਰ ਜਵੰਦਾ, ਇੱਕ ਅਜਿਹੀ ਆਵਾਜ਼ ਜਿਸਨੇ ਪੰਜਾਬ ਦੀ ਰੂਹ ਨੂੰ ਆਪਣੇ ਨਾਲ ਜੋੜਿਆ, ਦੇ ਦਿਲ ਤੋੜਨ ਵਾਲੇ ਦੇਹਾਂਤ ‘ਤੇ ਬਹੁਤ ਦੁੱਖ ਹੋਇਆ। ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਇੱਕ ਦੁਖਦਾਈ ਹਾਦਸੇ ਤੋਂ ਬਾਅਦ ਸੱਟਾਂ ਨਾਲ ਜੂਝਣ ਤੋਂ ਬਾਅਦ ਉਨ੍ਹਾਂ ਦੇ ਬੇਵਕਤੀ ਦੇਹਾਂਤ ਨੇ ਸਾਡੀ ਸੱਭਿਆਚਾਰਕ ਅਤੇ ਸੰਗੀਤਕ ਵਿਰਾਸਤ ਵਿੱਚ ਇੱਕ ਨਾ ਪੂਰਾ ਹੋਣ ਵਾਲਾ ਖਲਾਅ ਛੱਡ ਦਿੱਤਾ ਹੈ।

ਜਿਵੇਂ ਕਿ ਅਸੀਂ ਆਪਣੇ ਸਮੇਂ ਦੇ ਇਸ ਹੀਰੇ ਨੂੰ ਅਲਵਿਦਾ ਕਹਿ ਰਹੇ ਹਾਂ, ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਆਤਮਾ ਨੂੰ ਸਦੀਵੀ ਸ਼ਾਂਤੀ ਦੇਣ ਅਤੇ ਉਨ੍ਹਾਂ ਦੇ ਪਰਿਵਾਰ, ਪ੍ਰਸ਼ੰਸਕਾਂ ਅਤੇ ਸੰਗੀਤ ਭਾਈਚਾਰੇ ਨੂੰ ਇਸ ਅਣਕਿਆਸੇ ਨੁਕਸਾਨ ਨੂੰ ਸਹਿਣ ਦੀ ਸ਼ਕਤੀ ਦੇਣ।

ਅਮਰਿੰਦਰ ਸਿੰਘ ਨੇ ਰਾਜਵੀਰ ਦੀ ਰੂਹਾਨੀ ਆਵਾਜ਼ ਅਤੇ ਜਨੂੰਨ ਦੀ ਸ਼ਲਾਘਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਜਤਾਈ।

ਮਨੀਸ਼ ਸਿਸੋਦੀਆ ਨੇ ਕਿਹਾ ਕਿ ਰਾਜਵੀਰ ਦੀ ਆਵਾਜ਼ ਪੰਜਾਬ ਦੇ ਦਿਲਾਂ ਵਿੱਚ ਜਿਉਂਦੀ ਰਹੇਗੀ। ਉਸਦੇ ਪਰਿਵਾਰ, ਦੋਸਤਾਂ ਅਤੇ ਲੱਖਾਂ ਪ੍ਰਸ਼ੰਸਕਾਂ ਪ੍ਰਤੀ ਮੇਰੀਆਂ ਦਿਲੀ ਸੰਵੇਦਨਾ। ਵਾਹਿਗੁਰੂ ਉਸ ਦੀ ਆਤਮਾ ਨੂੰ ਸਦੀਵੀ ਸ਼ਾਂਤੀ ਦੇਵੇ।

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿੱਠੀ ਆਵਾਜ਼ ਅਤੇ ਗੀਤ ਸਦਾ ਯਾਦ ਰਹਿਣਗੇ। ਸਾਰਿਆਂ ਨੇ ਵਾਹਿਗੁਰੂ ਤੋਂ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਸਹਿਣਸ਼ਕਤੀ ਦੀ ਅਰਦਾਸ ਕੀਤੀ। ਰਾਜਵੀਰ ਦੀ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਪੂਨਾ, ਜਗਰਾਉਂ, ਲੁਧਿਆਣਾ ਵਿਖੇ ਅੰਤਿਮ ਸੰਸਕਾਰ ਲਈ ਲਿਜਾਇਆ ਜਾਵੇਗਾ।

ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਕਿਹਾ ਕਿ ਜਵੰਦਾ ਬਹੁਤ ਜਲਦੀ ਚਲੇ ਗਏ, ਰਾਜਵੀਰ ਜਵੰਦਾ ਆਪਣੇ ਪਿਛੇ ਪਿਆਰ, ਸੰਗੀਤ ਅਤੇ ਪ੍ਰੇਰਨਾ ਦੀ ਵਿਰਾਸਤ ਛੱਡ ਗਏ ਹਨ। ਪੰਜਾਬ ਹਮੇਸ਼ਾ ਉਨ੍ਹਾਂ ਦੀ ਰੂਹਾਨੀ ਆਵਾਜ਼ ਨੂੰ ਯਾਦ ਰੱਖੇਗਾ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਮੇਰੀਆਂ ਦਿਲੀ ਸੰਵੇਦਨਾਵਾਂ ਹਨ।