Punjab Religion

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ’ਤੇ ਜਥੇਦਾਰ ਗੜਗੱਜ ਵੱਲੋਂ ਸਮੂਹ ਸੰਗਤ ਨੂੰ ਵਧਾਈਆਂ

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਵਿਸ਼ਵ ਭਰ ਵਿੱਚ ਵੱਸਦੀ ਸਿੱਖ ਸੰਗਤ ਨੂੰ ਦਿਲੀ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਗੁਰੂ ਜੀ ਦੇ ਜੀਵਨ ਬਾਰੇ ਚਾਨਣ ਪਾਉਂਦਿਆਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੀ ਸੰਗਤ ਵਿੱਚ ਰਹਿ ਕੇ ਸਿੱਖੀ ਦੇ ਗੁਣ ਸਿੱਖੇ ਅਤੇ ਹਮੇਸ਼ਾ ਇੱਕ ਸੱਚੇ ਸੇਵਕ ਵਜੋਂ ਵਿਚਰੇ।

ਗੁਰੂ ਅਮਰਦਾਸ ਜੀ ਨਾਲ ਗੂੜ੍ਹੇ ਰਿਸ਼ਤੇ ਹੋਣ ਦੇ ਬਾਵਜੂਦ, ਉਨ੍ਹਾਂ ਨੇ ਸੱਚੇ ਸਿਦਕ, ਨਿਮਰਤਾ ਅਤੇ ਨਿਸ਼ਕਾਮ ਸੇਵਾ ਨਾਲ ਗੁਰੂ ਨਾਨਕ ਦੇਵ ਜੀ ਦੀ ਜੋਤ ਦੇ ਚੌਥੇ ਵਾਰਸ ਬਣੇ।ਗੁਰਤਾਗੱਦੀ ਉੱਤੇ ਬਿਰਾਜਮਾਨ ਹੋਣ ਤੋਂ ਬਾਅਦ, ਚੌਥੇ ਪਾਤਸ਼ਾਹ ਜੀ ਨੇ ਤੀਹ ਰਾਗਾਂ ਵਿੱਚ ਗੁਰਬਾਣੀ ਰਚੀ, ਜਿਸ ਰਾਹੀਂ ਅਕਾਲ ਪੁਰਖ ਨਾਲ ਪ੍ਰੇਮ ਭਗਤੀ, ਸੇਵਾ ਭਾਵਨਾ, ਨਿਮਰਤਾ, ਸਾਂਝੀਵਾਲਤਾ ਅਤੇ ਰੱਬੀ ਮਿਹਰ ਪ੍ਰਾਪਤ ਕਰਨ ਦੀ ਸਿੱਖਿਆ ਮਿਲਦੀ ਹੈ।

ਗੁਰੂ ਜੀ ਨੇ ਅੰਮ੍ਰਿਤਸਰ ਸ਼ਹਿਰ ਵਸਾਇਆ ਅਤੇ 52 ਵੱਖ-ਵੱਖ ਕਿਰਤਾਂ ਕਰਨ ਵਾਲੇ ਲੋਕਾਂ ਨੂੰ ਇਥੇ ਵਸਾਇਆ, ਜਿਸ ਨਾਲ ਕਿਰਤ ਕਮਾਈ ਅਤੇ ਸਾਂਝੀਵਾਲਤਾ ਦਾ ਸੰਦੇਸ਼ ਮਿਲਿਆ। ਉਨ੍ਹਾਂ ਨੇ ਅੰਮ੍ਰਿਤ ਸਰੋਵਰ ਤਿਆਰ ਕਰਵਾਇਆ, ਜਿਸ ਵਿੱਚ ਇਸ਼ਨਾਨ ਕਰਕੇ ਸੰਗਤ ਅੱਜ ਵੀ ਜਾਤ-ਪਾਤ, ਊਚ-ਨੀਚ ਅਤੇ ਵਿਤਕਰੇ ਤੋਂ ਮੁਕਤ ਹੋ ਕੇ ਰੂਹਾਨੀ ਉਪਦੇਸ਼ ਪ੍ਰਾਪਤ ਕਰਦੀ ਹੈ।

ਜਥੇਦਾਰ ਗੜਗੱਜ ਨੇ ਸੰਗਤ ਨੂੰ ਅਪੀਲ ਕੀਤੀ ਕਿ ਗੁਰੂ ਰਾਮਦਾਸ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਸੇਵਾ, ਨਿਮਰਤਾ ਅਤੇ ਨਿਸ਼ਕਾਮ ਭਾਵਨਾ ਨਾਲ ਕੌਮ ਦੀ ਚੜ੍ਹਦੀ ਕਲਾ, ਏਕਤਾ ਅਤੇ ਲੋਕ ਭਲਾਈ ਲਈ ਕੰਮ ਕੀਤੇ ਜਾਣ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਹਰ ਸਿੱਖ ਗੁਰਬਾਣੀ ਅਤੇ ਬਾਣੇ ਨੂੰ ਅਪਣਾ ਕੇ ਆਪਣੀ ਅਗਲੀ ਪੀੜ੍ਹੀ ਨੂੰ ਗੁਰਮਤਿ ਅਤੇ ਸਿੱਖੀ ਸਿਧਾਂਤਾਂ ਨਾਲ ਜੋੜੇ, ਤਾਂ ਜੋ ਸਿੱਖੀ ਦੀ ਵਿਰਾਸਤ ਨੂੰ ਅੱਗੇ ਵਧਾਇਆ ਜਾ ਸਕੇ।