Punjab

ਜਲੰਧਰ ’ਚ ‘ਵਾਂਟੇਡ’ ਮੁਲਜ਼ਮ ਨੇ ਕੀਤਾ DSP ਦਾ ਸਨਮਾਨ: ਖੁੱਲ੍ਹੇਆਮ ਮਨਾਇਆ ਦੁਸਹਿਰਾ

ਬਿਊਰੋ ਰਿਪੋਰਟ (ਜਲੰਧਰ, 3 ਅਕਤੂਬਰ 2025): ਜਲੰਧਰ ਵਿੱਚ ਦੁਸਹਿਰੇ ਦੌਰਾਨ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜੂਆ-ਲੁੱਟਕਾਂਡ ਵਿੱਚ ਨਾਮਜ਼ਦ ਅਤੇ ਪੁਲਿਸ ਨੂੰ ਲੋੜੀਂਦਾ ਮੁਲਜ਼ਮ ਦਵਿੰਦਰ DC ਨੇ ਆਦਮਪੁਰ ’ਚ ਖੁੱਲ੍ਹੇਆਮ ਦੁਸਹਿਰੇ ਦਾ ਪ੍ਰੋਗਰਾਮ ਕਰਵਾਇਆ ਅਤੇ ਮੰਚ ’ਤੇ ਪੁਲਿਸ ਦੇ DSP ਨੂੰ ਸਨਮਾਨਿਤ ਕਰ ਦਿੱਤਾ।

ਜਿਸ ਮੁਲਜ਼ਮ ਦੀ ਤਲਾਸ਼ ਪੁਲਿਸ ਕਰ ਰਹੀ ਸੀ, ਉਹ ਮੰਚ ’ਤੇ DSP ਨਾਲ ਫੋਟੋ ਖਿਚਵਾ ਰਿਹਾ ਸੀ। DSP ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਪੁਲਿਸ ਵੱਲੋਂ ਵਾਂਟੇਡ ਹੈ।

ਦਵਿੰਦਰ DC ਨਾ ਸਿਰਫ਼ ਪ੍ਰੋਗਰਾਮ ਦਾ ਮੁੱਖ ਆਯੋਜਕ ਸੀ, ਬਲਕਿ ਦੁਸਹਿਰਾ ਕਮੇਟੀ ਆਦਮਪੁਰ ਦਾ ਪ੍ਰਧਾਨ ਵੀ ਬਣਿਆ ਹੋਇਆ ਸੀ। ਇਸ ਦੌਰਾਨ ਮੰਚ ’ਤੇ AAP ਲੀਡਰ ਪਵਨ ਕੁਮਾਰ ਟੀਨੂ ਵੀ ਉਸ ਦੇ ਨਾਲ ਮੌਜੂਦ ਸਨ।

ਦਿਲਚਸਪ ਗੱਲ ਇਹ ਹੈ ਕਿ ਜੂਆ-ਲੁੱਟਕਾਂਡ ਵਾਲਾ ਮਾਮਲਾ ਸਿਰਫ਼ ਚਾਰ ਦਿਨ ਪਹਿਲਾਂ ਹੀ ਹੋਇਆ ਸੀ। ਫੋਟੋਆਂ ਸਾਹਮਣੇ ਆਉਣ ਤੋਂ ਬਾਅਦ ਜਲੰਧਰ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਉਠ ਰਹੇ ਹਨ।

ਪੁਲਿਸ ਦਾ ਕਹਿਣਾ ਹੈ ਕਿ ਦਵਿੰਦਰ DC ਨੂੰ ਕਾਬੂ ਕਰਨ ਲਈ ਕਈ ਵਾਰ ਦਬਿਸ਼ ਦਿੱਤੀ ਗਈ, ਪਰ ਉਹ ਹੱਥ ਨਹੀਂ ਆਇਆ। ਉਸ ਦੇ ਖੁੱਲ੍ਹੇਆਮ ਸਰਕਾਰੀ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਕਾਰਨ ਪੁਲਿਸ ਦੀ ਪਹੁੰਚ ’ਤੇ ਵੀ ਚਰਚਾ ਸ਼ੁਰੂ ਹੋ ਗਈ ਹੈ।