Punjab

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਵੱਡਾ ਬਿਆਨ, “ਸਿੱਧੂ ਦਾ ਸੁਪਨਾ ਸੀ, ਅਸੀਂ ਲੜਾਂਗੇ ਅਤੇ ਜਿੱਤਾਂਗੇ”

ਬਿਊਰੋ ਰਿਪੋਰਟ (ਮਾਨਸਾ, 29 ਸਤੰਬਰ 2025): ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ 2027 ਦੀ ਵਿਧਾਨ ਸਭਾ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਮਾਨਸਾ ਵਿੱਚ ਇੱਕ ਸਮਾਗਮ ਦੌਰਾਨ ਕਿਹਾ ਕਿ ਉਹ ਚੋਣ ਲੜਨਗੇ ਅਤੇ ਜਿੱਤ ਹਾਸਲ ਕਰਨਗੇ।

ਬਲਕੌਰ ਸਿੰਘ ਨੇ ਕਿਹਾ, “ਅਸੀਂ ਚੋਣ ਲੜਾਂਗੇ ਅਤੇ ਜਿੱਤਾਂਗੇ। ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਕੋਈ ਵੀ ਗਲਤਫ਼ਹਿਮੀ ਨਾ ਰੱਖਣਾ, ਅਸੀਂ ਡਟ ਕੇ ਚੋਣ ਲੜਾਂਗੇ।”

ਹਾਲਾਂਕਿ ਇਹ ਹਾਲੇ ਸਪਸ਼ਟ ਨਹੀਂ ਹੈ ਕਿ ਉਹ ਕਿਸ ਪਾਰਟੀ ਤੋਂ ਚੋਣ ਲੜਣਗੇ, ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਉਨ੍ਹਾਂ ਦੀ ਨਜ਼ਦੀਕੀ ਦੇ ਕਾਰਨ ਉਨ੍ਹਾਂ ਨੂੰ ਕਾਂਗਰਸ ਵੱਲੋਂ ਟਿਕਟ ਮਿਲਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਲੜਨ ਦੀਆਂ ਚਰਚਾਵਾਂ ਰਹੀਆਂ, ਪਰ ਬਲਕੌਰ ਸਿੰਘ ਨੇ ਉਸ ਵੇਲੇ ਇਨਕਾਰ ਕਰ ਦਿੱਤਾ ਸੀ।

ਉਨ੍ਹਾਂ ਨੇ ਕਿਹਾ, “ਸਿੱਧੂ ਦਾ ਸੁਪਨਾ ਸੀ ਕਿ ਉਹ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ। ਹੁਣ ਅਸੀਂ ਸਿੱਧੂ ਦੀ ਤਸਵੀਰ ਨੂੰ ਦਿਲ ਵਿੱਚ ਰੱਖ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾਂਗੇ। ਇਹ ਲੜਾਈ ਵੱਡੀ ਹੈ ਪਰ ਅਸੀਂ ਇਹ ਲੜਾਈ ਲੜਾਂਗੇ।”

ਬਲਕੌਰ ਸਿੰਘ ਨੇ ਭਾਵੁਕ ਹੋ ਕੇ ਕਿਹਾ, “ਮੈਨੂੰ ਲੱਗਦਾ ਸੀ ਕਿ ਪੁੱਤਰ ਦੇ ਜਾਣ ਤੋਂ ਬਾਅਦ ਲੋਕ ਮੈਨੂੰ ਭੁੱਲ ਜਾਣਗੇ ਪਰ ਲੋਕ ਅੱਜ ਵੀ ਮੈਨੂੰ ਦਿਲ ਵਿੱਚ ਰੱਖਦੇ ਹਨ। ਮੈਂ ਵਾਅਦਾ ਕਰਦਾ ਹਾਂ ਕਿ ਬੇਸ਼ੱਕ ਅਸੀਂ ਨਿਹੱਥੇ ਹਾਂ ਪਰ ਕਮਜ਼ੋਰ ਨਹੀਂ। ਮੈਨੂੰ ਕਿਸੇ ਹੋਰ ਦੀ ਲੋੜ ਨਹੀਂ, ਮੈਨੂੰ ਸਿਰਫ਼ ਤੁਹਾਡੀ ਲੋੜ ਹੈ। ਤੁਸੀਂ ਡਟੇ ਰਹੋ।”’