Punjab

ਪੰਜਾਬ ਭਰ ’ਚ ਨਰਸਾਂ ਦੀ ਹੜਤਾਲ! ਓਪੀਡੀ ਸੇਵਾਵਾਂ ਬੰਦ, ਮਰੀਜ਼ ਪਰੇਸ਼ਾਨ

ਬਿਊਰੋ ਰਿਪੋਰਟ (27 ਸਤੰਬਰ, 2025): ਸੂਬੇ ਭਰ ਵਿੱਚ ਅੱਜ ਯੂਨਾਈਟਿਡ ਨਰਸਿੰਗ ਐਸੋਸੀਏਸ਼ਨ ਪੰਜਾਬ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਹੜਤਾਲ ਕੀਤੀ ਗਈ ਜਿਸ ਕਰਕੇ ਓਪੀਡੀ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਤੇ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਓਪੀਡੀ ਸੇਵਾਵਾਂ ਬੰਦ ਰਹੀਆਂ ਤੇ ਸਿਰਫ ਐਮਰਜੈਂਸੀ ਸੇਵਾਵਾਂ ਹੀ ਦਿੱਤੀਆਂ ਗਈਆਂ।

ਨਰਸਾਂ ਦਾ ਇਲਜ਼ਾਮ ਹੈ ਕਿ ਸਰਕਾਰ ਹਰ ਵਾਰ ਗੱਲਬਾਤ ਲਈ ਸਮਾਂ ਦੇਣ ’ਤੇ ਕੀਤੇ ਵਾਅਦਿਆਂ ਤੋਂ ਮੁਕਰ ਜਾਂਦੀ ਹੈ ਅਤੇ ਆਪਣੇ ਵਾਅਦੇ ਪੂਰੇ ਨਹੀਂ ਕਰਦੀ। ਜਦੋਂ ਉਨ੍ਹਾਂ ਨੂੰ ਭਰਤੀ ਕੀਤਾ ਗਿਆ ਸੀ ਤਾਂ ਉਨ੍ਹਾਂ ਨੂੰ ਉੱਚ ਤਨਖ਼ਾਹ ਸਕੇਲ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ 2020 ਤੋਂ ਬਾਅਦ ਸਰਕਾਰ ਨੇ ਉਨ੍ਹਾਂ ਦਾ ਤਨਖ਼ਾਹ ਸਕੇਲ 4600 ਤੋਂ ਘਟਾ ਕੇ 2800 ਕਰ ਦਿੱਤਾ। ਇਸ ਨਾਲ ਪੁਰਾਣੇ ਅਤੇ ਨਵੇਂ ਸਟਾਫ ਵਿਚਕਾਰ ਤਨਖਾਹ ਦਾ ਵੱਡਾ ਪਾੜਾ ਪੈਦਾ ਹੋ ਗਿਆ।

ਨਰਸਾਂ ਦੀ ਮੰਗ ਹੈ ਕਿ ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਦੀ ਨੀਤੀ ਲਾਗੂ ਕੀਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਰਵੱਈਆ ਨਾ ਸਿਰਫ਼ ਨਰਸਿੰਗ ਸਟਾਫ ਨੂੰ ਸਗੋਂ ਸੂਬੇ ਦੇ ਪੂਰੇ ਸਿਹਤ ਸਿਸਟਮ ਨੂੰ ਪ੍ਰਭਾਵਿਤ ਕਰ ਰਿਹਾ ਹੈ। ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਦੇ ਨਰਸਿੰਗ ਸਟਾਫ ਮੈਂਬਰ ਰੋਹਿਤ ਨੇ ਦੱਸਿਆ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਉਨ੍ਹਾਂ ਦੇ ਪੁਰਾਣੇ ਤਨਖਾਹ ਸਕੇਲ ਨੂੰ ਬਹਾਲ ਨਹੀਂ ਕਰਦੀ ਅਤੇ ਫਿੱਟ-ਪੇ ਕਮਿਸ਼ਨ ਲਾਗੂ ਨਹੀਂ ਕਰਦੀ। ਨਰਸਿੰਗ ਸੰਗਠਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਜਲਦੀ ਪੂਰੀਆਂ ਨਹੀਂ ਕੀਤੀਆਂ ਤਾਂ ਉਹ ਆਪਣਾ ਸੰਘਰਸ਼ ਤੇਜ਼ ਕਰਨਗੇ। ਇਹ ਹੜਤਾਲ ਸੂਬੇ ਦੇ ਸਿਹਤ ਸਿਸਟਮ ’ਤੇ ਗੰਭੀਰ ਅਸਰ ਪਾ ਰਹੀ ਹੈ।