ਬਿਊਰੋ ਰਿਪੋਰਟ (26 ਸਤੰਬਰ, 2025): ਮਸ਼ਹੂਰ ਪੰਜਾਬੀ ਗਾਇਕ ਖ਼ਾਨ ਸਾਹਿਬ ਦੀ ਮਾਤਾ ਸਲਮਾ ਪਰਵੀਨ ਦਾ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ ਅਤੇ ਡਾਕਟਰਾਂ ਦੀ ਦੇਖਰੇਖ ਹੇਠ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।
ਮੌਤ ਦੀ ਖ਼ਬਰ ਮਿਲਣ ’ਤੇ ਕੈਨੇਡਾ ਟੂਰ ’ਤੇ ਗਏ ਖ਼ਾਨ ਸਾਹਿਬ ਦਾ ਸ਼ੋਅ ਰੱਦ ਕਰ ਦਿੱਤਾ ਗਿਆ ਹੈ। ਉਹ ਹੁਣ ਤੁਰੰਤ ਪੰਜਾਬ ਵਾਪਿਸ ਆ ਰਹੇ ਹਨ। ਖ਼ਾਨ ਸਾਹਿਬ ਦੇ ਪੰਜਾਬ ਪਹੁੰਚਣ ਤੋਂ ਬਾਅਦ ਹੀ ਉਨ੍ਹਾਂ ਦੀ ਮਾਤਾ ਨੂੰ ਸੁਪੁਰਦ-ਏ-ਖ਼ਾਕ ਕੀਤਾ ਜਾਵੇਗਾ।
ਪਾਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਲਗਾਤਾਰ ਇਲਾਜ ਦੇ ਬਾਵਜੂਦ ਉਨ੍ਹਾਂ ਦੀ ਮਾਂ ਦੀ ਤਬੀਅਤ ਵਿੱਚ ਸੁਧਾਰ ਨਹੀਂ ਹੋ ਸਕਿਆ ਅਤੇ ਇਲਾਜ ਦੌਰਾਨ ਹੀ ਉਨ੍ਹਾਂ ਨੇ ਆਖ਼ਰੀ ਸਾਹ ਲਿਆ।
ਪੰਜਾਬੀ ਗਾਇਕ ਬੂਟਾ ਮੁਹੰਮਦ ਨੇ ਦੱਸਿਆ ਕਿ ਖ਼ਾਨ ਸਾਹਿਬ ਦੀ ਮਾਤਾ ਦੇ ਦੇਹਾਂਤ ਨਾਲ ਬਹੁਤ ਦੁੱਖ ਹੋਇਆ ਹੈ। ਖਾਨ ਸਾਹਿਬ ਦਾ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਸ਼ੋਅ ਸੀ, ਪਰ ਉਨ੍ਹਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਉਮੀਦ ਹੈ ਕਿ ਉਹ ਅੱਜ ਸ਼ਾਮ 5 ਵਜੇ ਤੱਕ ਪੰਜਾਬ ਪਹੁੰਚ ਜਾਣਗੇ।
ਮਾਤਾ ਦੀ ਮ੍ਰਿਤਕ ਦੇਹ ਨੂੰ ਚੰਡੀਗੜ੍ਹ ਤੋਂ ਕਪੂਰਥਲਾ ਦੇ ਪਿੰਡ ਭੰਗਾਲ ਦੋਨਾ ਲਿਆਂਦਾ ਜਾਵੇਗਾ। ਖ਼ਾਨ ਸਾਹਿਬ ਇੱਥੇ ਮਾਤਾ ਦੇ ਅੰਤਿਮ ਦਰਸ਼ਨ ਕਰਨਗੇ। ਦੇਹ ਨੂੰ ਸ਼ਨੀਵਾਰ ਨੂੰ ਸੁਪੁਰਦ-ਏ-ਖਾਕ ਕੀਤਾ ਜਾਵੇਗਾ।