Punjab

ਪੰਜਾਬ ਵਿੱਚ ਪੰਚਾਇਤ ਕਮੇਟੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਟਾਲੀਆਂ, ਹੜ੍ਹਾਂ ਦੀ ਸਥਿਤੀ ਕਾਰਨ ਲਿਆ ਫੈਸਲਾ

ਬਿਊਰੋ ਰਿਪੋਰਟ (26 ਸਤੰਬਰ, 2025): ਪੰਜਾਬ ਵਿੱਚ ਪੰਚਾਇਤ ਕਮੇਟੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਹੁਣ 5 ਦਸੰਬਰ ਤੱਕ ਹੋਣਗੀਆਂ, ਜਦਕਿ ਪਹਿਲਾਂ ਇਹ 5 ਅਕਤੂਬਰ ਤੱਕ ਹੋਣੀਆਂ ਸੀ। ਸੂਬੇ ਵਿੱਚ ਹੜ੍ਹਾਂ ਦੀ ਸਥਿਤੀ ਕਾਰਨ ਇਹਨਾਂ ਚੋਣਾਂ ਵਿੱਚ ਦੇਰੀ ਹੋ ਗਈ। ਪੇਂਡੂ ਵਿਕਾਸ ਵਿਭਾਗ ਦੇ ਪ੍ਰਬੰਧਕੀ ਸਕੱਤਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਦੱਸਿਆ ਗਿਆ ਕਿ ਚੋਣਾਂ 5 ਦਸੰਬਰ ਤੱਕ ਕਰਵਾਈਆਂ ਜਾਣਗੀਆਂ। ਦੱਸ ਦੇਈਏ ਸੂਬੇ ਵਿੱਚ 23 ਜ਼ਿਲ੍ਹਾ ਪਰਿਸ਼ਦ ਅਤੇ 154 ਬਲਾਕ ਕਮੇਟੀਆਂ ਦੀਆਂ ਚੋਣਾਂ ਕਾਫ਼ੀ ਸਮੇਂ ਤੋਂ ਬਕਾਇਆ ਹਨ। ਇਹ ਚੋਣਾਂ ਆਖ਼ਰੀ ਵਾਰ 2018 ਵਿੱਚ ਹੋਈਆਂ ਸਨ।

ਸਰਕਾਰ ਨੇ ਅਗਸਤ ਵਿੱਚ ਹੀ ਕਮੇਟੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਲਈ ਤਿਆਰੀ ਪੂਰੀ ਕਰ ਲਈ ਸੀ। ਚੋਣਾਂ ਲਈ ਜੋਨ ਬਣਾਏ ਗਏ ਸਨ ਅਤੇ ਹਲਕਿਆਂ ਦੀ ਰਿਜ਼ਰਵੇਸ਼ਨ ਪ੍ਰਕਿਰਿਆ ਵੀ ਮੁਕੰਮਲ ਹੋ ਚੁੱਕੀ ਸੀ। ਪਹਿਲਾਂ 10 ਅਗਸਤ 2023 ਨੂੰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਪੰਚਾਇਤ ਚੋਣਾਂ 31 ਦਸੰਬਰ ਤੱਕ ਅਤੇ ਕਮੇਟੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ 25 ਨਵੰਬਰ ਤੱਕ ਕਰਵਾਉਣ ਦਾ ਫੈਸਲਾ ਕੀਤਾ ਸੀ।

ਪਰ ਕੇਸ ਹਾਈਕੋਰਟ ਜਾਣ ਤੋਂ ਬਾਅਦ ਇਹ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪੰਚਾਇਤ ਚੋਣਾਂ ਦਾ ਕੰਮ ਤਾਂ ਪੂਰਾ ਹੋ ਗਿਆ ਪਰ ਕਮੇਟੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਅਟਕ ਗਈਆਂ।

ਪਹਿਲਾਂ ਵੀ ਵਧਾਇਆ ਸੀ ਸਮਾਂ

ਜਦੋਂ ਕੇਸ ਪਹਿਲੀ ਵਾਰ ਹਾਈਕੋਰਟ ਗਿਆ ਸੀ, ਤਾਂ ਸਰਕਾਰ ਨੇ 31 ਮਈ ਤੱਕ ਚੋਣਾਂ ਕਰਵਾਉਣ ਦਾ ਹਲਫ਼ਨਾਮਾ ਦਿੱਤਾ ਸੀ। ਇਸ ਤੋਂ ਬਾਅਦ ਸਰਕਾਰ ਨੇ ਬਲਾਕਾਂ ਦੇ ਪੁਨਰਗਠਨ ਦਾ ਕੰਮ ਸ਼ੁਰੂ ਕਰਕੇ ਹੋਰ ਤਿੰਨ ਮਹੀਨੇ ਦਾ ਸਮਾਂ ਲਿਆ ਅਤੇ 5 ਅਕਤੂਬਰ ਤੱਕ ਚੋਣਾਂ ਕਰਵਾਉਣ ਦੀ ਗੱਲ ਕਹੀ ਸੀ।